ਜਦੋਂ ਕੈਨੇਡਾ ''ਚ ਗਿੱਪੀ ਗਰੇਵਾਲ ਨੇ ਘਰ-ਘਰ ਸੁੱਟੀ ਅਖ਼ਬਾਰ ਤੇ ਪਤਨੀ ਰਵਨੀਤ ਨੇ ਮਾਂਜੇ ਭਾਂਡੇ, ਪੜ੍ਹੋ ਖ਼ਾਸ ਕਿੱਸਾ
Monday, Jan 02, 2023 - 02:46 PM (IST)
ਜਲੰਧਰ (ਬਿਊਰੋ) : 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਅਤੇ 'ਮੇਲ ਕਰਾਦੇ ਰੱਬਾ' ਵਰਗੀਆਂ ਫਿਲਮਾਂ ਨਾਲ ਸ਼ੌਹਰਤ ਖੱਟਣ ਵਾਲੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ 40ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਗਿੱਪੀ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ। ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੇ ਖ਼ੇਤਰ 'ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕਰ ਚੁੱਕੇ ਹਨ।
ਗਿੱਪੀ ਗਰੇਵਾਲ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ 'ਚ ਨਹੀਂ ਸਗੋਂ ਬਾਲੀਵੁੱਡ 'ਚ ਵੀ ਨਾਂ ਚਕਮਾਇਆ ਹੈ। ਗਿੱਪੀ ਗਰੇਵਾਲ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਜੀ-ਤੋੜ ਮਿਹਨਤ ਕੀਤੀ ਹੈ। ਇਸ ਮਿਹਨਤ ਦੇ ਸਦਕਾ ਹੀ ਗਿੱਪੀ ਗਰੇਵਾਲ ਫ਼ਿਲਮ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਬਣੇ ਹਨ। ਅੱਜ ਗਿੱਪੀ ਗਰੇਵਾਲ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਪਤਨੀ ਰਵਨੀਤ ਨੇ ਖ਼ਾਸ ਪੋਸਟ ਸਾਂਝੀ ਕੀਤੀ ਅਤੇ ਗਿੱਪੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਰੁਪਿੰਦਰ ਸਿੰਘ ਗਰੇਵਲ ਤੋਂ ਬਣੇ ਗਿੱਪੀ ਗਰੇਵਾਲ
ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਗਿੱਪੀ ਗਰੇਵਾਲ ਦਾ ਅਸਲ ਨਾਂ ਰੁਪਿੰਦਰ ਸਿੰਘ ਗਰੇਵਲ ਹੈ। ਗਿੱਪੀ ਗਰਵੇਲ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਅਤੇ ਇਨ੍ਹਾਂ ਦੇ 3 ਬੇਟੇ ਹਨ, ਜਿਨ੍ਹਾਂ ਦੇ ਨਾਂ ਏਕਓਮ ਗਰੇਵਾਲ, ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ।
ਇਸ ਫ਼ਿਲਮ ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਪੰਜਾਬੀ ਫ਼ਿਲਮ 'ਮੇਲ ਕਰਾਦੇ ਰੱਬਾ' ਨਾਲ ਕੀਤੀ। ਇਸ ਫਿਲਮ 'ਚ ਗਿੱਪੀ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਐਲਬਮ 'ਫੁਲਕਾਰੀ' ਨੇ ਤੋੜੇ ਕਈ ਰਿਕਾਰਡ
ਗਿੱਪੀ ਗਰੇਵਾਲ ਦੀ ਐਲਬਮ 'ਫੁਲਕਾਰੀ' ਨੇ ਕਈ ਰਿਕਾਰਡ ਤੋੜੇ ਸਨ। ਇਸ ਤੋਂ ਇਲਾਵਾ 'ਗੱਭਰੂ', 'ਤਾਰਿਆ', 'ਰਾਜ ਕਰਦਾ', 'ਗੱਲ ਤੇਰੀ ਵੰਗ ਦੀ', 'ਅੰਗਰੇਜ਼ੀ ਬੀਟ', 'ਹੈਲੋ-ਹੈਲੋ ਸ਼ੈੱਟਅੱਪ', 'ਫੋਟੋ' ਆਦਿ ਵਰਗੇ ਗੀਤਾਂ ਨਾਲ ਗਿੱਪੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੇ ਇਹ ਗੀਤ ਦਰਸ਼ਕਾਂ 'ਚ ਕਾਫੀ ਹਿੱਟ ਹੋਏ ਹਨ।
ਸੰਗੀਤਕ ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਐਲਬਮ 'ਚੱਖ ਲਈ' ਨਾਲ ਕੀਤੀ। ਇਸ ਐਲਬਮ ਨੂੰ ਅਮਨ ਹੇਅਰ ਵਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਗਿੱਪੀ ਨੇ ਐਲਬਮਾਂ 'ਨਸ਼ਾ', 'ਫੁਲਕਾਰੀ', 'ਫੁਲਕਾਰੀ 2 ਜਸਟ ਹਿੱਟਸ, 'ਗੈਂਗਸਟਰ' ਆਦਿ 'ਚ ਕੰਮ ਕੀਤਾ। ਸਾਲ 2012 'ਚ ਗਿੱਪੀ ਦਾ 'ਅੰਗਰੇਜ਼ੀ ਬੀਟ' ਗਾਣਾ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਕੈਨੇਡਾ 'ਚ ਖਾਂਦੇ ਥਾਂ-ਥਾਂ ਧੱਕੇ
ਇੱਕ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ ਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ, ਇਸ 'ਚ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ। ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਗੱਡੀਆਂ ਧੋਤੀਆਂ। ਸਕਿਓਰਿਟੀ ਗਾਰਡ ਦੀ ਨੌਕਰੀ ਕੀਤੀ। ਇੱਥੋਂ ਤੱਕ ਕਿ ਕੈਨੇਡਾ 'ਚ ਲੋਕਾਂ ਦੇ ਘਰ ਟਾਇਲਟ (ਬਾਥਰੂਮ) ਵੀ ਸਾਫ਼ ਕੀਤੀ ਅਤੇ ਇੱਕ ਰੈਸਟੋਰੈਂਟ 'ਚ ਵੇਟਰ ਦਾ ਕੰਮ ਵੀ ਕੀਤਾ।
ਪਤਨੀ ਰਵਨੀਤ ਨੇ ਦਿੱਤਾ ਪੂਰਾ ਸਾਥ
ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ। ਅੱਗੇ ਦੱਸਦਿਆਂ ਗਿੱਪੀ ਨੇ ਕਿਹਾ ਕਿ ਉਹ ਘਰੋਂ ਪੈਸੇ ਨਹੀਂ ਮੰਗ ਸਕਦੇ ਸਨ, ਇਸ ਕਰਕੇ ਉਨ੍ਹਾਂ ਨੂੰ ਸਭ ਖੁਦ ਕਰਨਾ ਪਿਆ। ਪਹਿਲੀ ਐਲਬਮ ਲਈ ਪੈਸੇ ਜੋੜਨ ਲਈ ਮੈਂ ਤੇ ਮੇਰੀ ਪਤਨੀ ਰਵਨੀਤ ਨੇ 3 ਨੌਕਰੀਆਂ ਕੀਤੀਆਂ। ਸਾਡਾ ਸਾਰਾ ਦਿਨ ਕੰਮ 'ਚ ਲੰਘਦਾ ਸੀ। ਅਸੀਂ ਦੋਵੇਂ ਹੀ ਸਵੇਰੇ-ਸਵੇਰੇ ਘਰਾਂ 'ਚ ਅਖਬਾਰ ਸੁੱਟਦੇ ਸੀ। ਇਸ ਤੋਂ ਬਾਅਦ ਮੈਂ ਫ਼ੈਕਟਰੀ 'ਚ ਇੱਟਾਂ ਅਤੇ ਮਾਰਬਲ ਦੇ ਪੱਥਰ ਬਣਾਉਣ ਦਾ ਕੰਮ ਕਰਦਾ ਸੀ। 8 ਘੰਟੇ ਦੀ ਇਹ ਨੌਕਰੀ ਮੈਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ। ਦੂਜੇ ਪਾਸੇ ਰਵਨੀਤ ਗਰੇਵਾਲ ਹੋਟਲ 'ਚ ਸਫ਼ਾਈ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ। ਗਿੱਪੀ ਨੇ ਪਤਨੀ ਰਵਨੀਤ ਕੌਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੇਰੀ ਪਤਨੀ ਨੇ ਮੇਰੇ ਸੰਘਰਸ਼ 'ਚ ਮੇਰਾ ਪੂਰਾ ਸਾਥ ਦਿੱਤਾ ਹੈ। ਜੇਕਰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਇਹ ਮੁਕਾਮ ਨੂੰ ਕਦੇ ਹਾਸਲ ਨਹੀਂ ਕਰ ਸਕਦੇ ਸੀ।
ਕੈਨੇਡਾ 'ਚ ਹੋਈ ਸੀ ਪਹਿਲੀ ਮੁਲਾਕਾਤ
ਗਿੱਪੀ ਗਰੇਵਾਲ ਦੱਸਦੇ ਹਨ ਕਿ ਮੇਰੀ ਰਵਨੀਤ ਨਾਲ ਮੁਲਾਕਾਤ ਕੈਨੇਡਾ 'ਚ ਹੀ ਹੋਈ ਸੀ। ਉਹ ਇੱਕ ਮਹੀਨੇ 'ਚ 700-800 ਕੈਨੇਡੀਅਨ ਡਾਲਰ ਦੀ ਕਮਾਈ ਕਰ ਲੈਂਦਾ ਸੀ ਪਰ ਮੈਂ ਸ਼ੁਰੂ ਤੋਂ ਹੀ ਗਾਇਕ ਬਣਨਾ ਚਾਹੁੰਦਾ ਸੀ, ਜਿਸ ਲਈ ਮੈਂ ਕਾਫ਼ੀ ਕੋਸ਼ਿਸ਼ ਕੀਤੀ ਪਰ ਕੋਈ ਮਿਊਜ਼ਿਕ ਕੰਪਨੀ ਮੇਰੇ 'ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਉਦੋ ਦੌਰ ਬਦਲ ਚੁੱਕਿਆ ਸੀ। ਕੰਪਨੀਆਂ ਨੇ ਸਿੰਗਰਾਂ 'ਤੇ ਪੈਸੇ ਲਗਾਉਣੇ ਬੰਦ ਕਰ ਦਿੱਤੇ ਸਨ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਕਰੋੜਾਂ 'ਚ ਕਰਦੈ ਸਾਲਾਨਾ ਕਮਾਈ
ਰਿਪੋਰਟ ਮੁਤਾਬਕ, ਸਾਲ 2022 'ਚ ਗਿੱਪੀ ਗਰੇਵਾਲ ਦੀ ਆਮਦਨ 'ਚ ਜ਼ਬਰਦਸਤ ਵਾਧਾ ਹੋਇਆ ਹੈ। ਉਨ੍ਹਾਂ ਦੀ ਇੱਕ ਮਹੀਨੇ ਦੀ ਕਮਾਈ 40 ਲੱਖ, ਇੱਕ ਸਾਲ ਦੀ ਕਮਾਈ ਕਰੋੜਾਂ 'ਚ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਹੰਬਲ ਮਿਊਜ਼ਿਕ ਕੰਪਨੀ ਚਲਾਉਂਦੇ ਹਨ, ਜੋ ਕਿ ਇਕ ਸਫ਼ਲ ਕੰਪਨੀ ਹੈ। ਹੰਬਲ ਮਿਊਜ਼ਿਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸਫ਼ਲ ਕਲਾਕਾਰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਸਿੱਧੂ ਮੂਸੇਵਾਲਾ ਵੀ ਇੱਕ ਹਨ।