ਫ਼ਿਲਮ ''ਰੁਪਿੰਦਰ ਗਾਂਧੀ'' ਦੇ ਤੀਜੇ ਭਾਗ ਦੀ ਪਹਿਲੀ ਝਲਕ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼
Saturday, Jul 27, 2024 - 03:36 PM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਸਿਨੇਮਾ ਦੀ ਇੱਕ ਹੋਰ ਬਹੁ-ਚਰਚਿਤ ਸੀਕਵਲ ਸੀਰੀਜ਼ ਫ਼ਿਲਮ 'ਗਾਂਧੀ 3 ਯਾਰਾਂ ਦਾ ਯਾਰ' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ, ਜੋ 30 ਅਗਸਤ 2024 ਨੂੰ ਸਿਨੇਮਾਘਰਾਂ ਦਾ ਹਿੱਸਾ ਬਣਨ ਜਾ ਰਹੀ ਹੈ। 'ਡਰੀਮ ਰਿਐਲਟੀ ਮੂਵੀਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ਰਵਨੀਤ ਚਾਹਲ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਅਤੇ ਆਸ਼ੂ ਮਨੀਸ਼ ਸ਼ਾਹਨੀ ਹਨ। ਜਦਕਿ ਨਿਰਦੇਸ਼ਨ ਕਮਾਂਡ ਮਨਦੀਪ ਬੈਨੀਪਾਲ ਦੁਆਰਾ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਮਾਲਵਾ ਖਿੱਤੇ ਤੋਂ ਇਲਾਵਾ ਮੋਹਾਲੀ ਲਾਗਲੇ ਇਲਾਕਿਆਂ 'ਚ ਫਿਲਮਾਈ ਗਈ ਇਸ ਬਿੱਗ ਬਜਟ ਫ਼ਿਲਮ 'ਚ ਦੇਵ ਖਰੌੜ ਇੱਕ ਵਾਰ ਫਿਰ ਟਾਈਟਲ ਰੋਲ ਅਦਾ ਕਰ ਰਹੇ ਹਨ, ਜਿਸ ਤੋਂ ਇਲਾਵਾ ਰੁਪਿੰਦਰ ਰੂਪੀ, ਅਦਿਤੀ ਆਰਿਆ, ਲੱਕੀ ਧਾਲੀਵਾਲ, ਦਕਸ਼ਅਜੀਤ ਸਿੰਘ, ਜਿੰਮੀ ਸ਼ਰਮਾ, ਧਨਵੀਰ ਸਿੰਘ, ਪਾਲੀ ਮਾਂਗਟ, ਤਰਸੇਮ ਪਾਲ, ਨਗਿੰਦਰ ਗੱਖੜ, ਇੰਦਰ ਬਾਜਵਾ ਵੀ ਮਹੱਤਵਪੂਰਨ ਕਿਰਦਾਰਾਂ 'ਚ ਨਜ਼ਰ ਆਉਣਗੇ।
ਸਾਲ 2015 'ਚ ਆਈ 'ਰੁਪਿੰਦਰ ਗਾਂਧੀ : ਦਿ ਗੈਂਗਸਟਰ' ਅਤੇ 2017 'ਚ ਆਈ 'ਰੁਪਿੰਦਰ ਗਾਂਧੀ : ਦਿ ਰੋਬਿਨਹੁੱਡ' ਦੇ ਤੀਸਰੇ ਭਾਗ ਦੇ ਰੂਪ 'ਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫ਼ਿਲਮ, ਜਿਸ ਦੇ ਪਹਿਲੇ ਭਾਗ ਨੇ ਜਿੱਥੇ ਦੇਵ ਖਰੌੜ ਦੇ ਸ਼ੁਰੂਆਤੀ ਕਰੀਅਰ ਨੂੰ ਮਜ਼ਬੂਤੀ ਅਤੇ ਉਭਾਰ ਦੇਣ 'ਚ ਅਹਿਮ ਭੂਮਿਕਾ ਨਿਭਾਈ। ਪੰਜਾਬੀ ਸਿਨੇਮਾ ਖੇਤਰ 'ਚ ਐਕਸ਼ਨ ਫ਼ਿਲਮੀ ਟ੍ਰੈਂਡ ਨੂੰ ਨਵੇਂ ਅਯਾਮ ਦਿੱਤਾ, ਜਿਸ ਤੋਂ ਬਾਅਦ ਹੀ ਅਜਿਹੀਆਂ ਮਾਰਧਾੜ ਵਾਲੀਆਂ ਫ਼ਿਲਮਾਂ ਦੇ ਸਿਲਸਿਲੇ ਨੇ ਅਜਿਹੀ ਤੇਜ਼ੀ ਫੜੀ, ਜਿਸ ਦਾ ਰੁਝਾਨ ਅਤੇ ਸਿਲਸਿਲਾ ਹਾਲੇ ਤੱਕ ਜਾਰੀ ਹੈ।
ਉਕਤ ਫ਼ਿਲਮ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਪਾਲੀਵੁੱਡ ਦੇ ਐਕਸ਼ਨ ਫ਼ਿਲਮ ਮੇਕਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਹਰ ਫ਼ਿਲਮ 'ਚ ਖ਼ਤਰਨਾਕ ਐਕਸ਼ਨ ਦੇ ਸੰਯੋਜਨ ਨੂੰ ਕਾਫ਼ੀ ਤਵੱਜੋਂ ਦਿੱਤੀ ਜਾਂਦੀ ਰਹੀ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੀ ਹਰ ਫ਼ਿਲਮ ਕਰਵਾ ਚੁੱਕੀ ਹੈ, ਜਿਨ੍ਹਾਂ 'ਚ 'ਯੋਧਾ', 'ਡਾਕੂਆਂ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਡੀ. ਐੱਸ. ਪੀ. ਦੇਵ', 'ਕਾਕਾ ਜੀ', 'ਰੁਤਬਾ' ਅਤੇ 'ਏਕਮ' ਆਦਿ ਭਲੀਭਾਂਤ ਕਰਵਾ ਚੁੱਕੀਆਂ ਹਨ। ਆਗਾਮੀ ਦਿਨੀਂ ਸਾਹਮਣੇ ਆਉਣ ਵਾਲੀਆਂ ਚਰਚਿਤ ਫ਼ਿਲਮਾਂ 'ਚ ਸ਼ਾਮਲ ਇਸ ਐਕਸ਼ਨ-ਥ੍ਰਿਲਰ ਪੰਜਾਬੀ ਫ਼ਿਲਮ ਨੂੰ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।