ਅਦਾਕਾਰਾ ਯੁਵਿਕਾ ਚੌਧਰੀ ਨੂੰ ਹਰਿਆਣਾ ਪੁਲਸ ਨੇ ਕੀਤਾ ਗ੍ਰਿਫ਼ਤਾਰ, 24 ਨਵੰਬਰ ਨੂੰ ਹਾਈ ਕੋਰਟ ''ਚ ਹੋਵੇਗੀ ਸੁਣਵਾਈ
Tuesday, Oct 19, 2021 - 10:17 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਯੁਵਿਕਾ ਚੌਧਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਾਤੀਗਤ ਟਿੱਪਣੀ ਮਾਮਲੇ 'ਚ ਬੀਤੀ ਰਾਤ ਹਰਿਆਣਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਕਰੀਬ ਚਾਰ ਘੰਟੇ ਤਕ ਯੁਵਿਕਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ 50 ਹਜ਼ਾਰ ਰੁਪਏ ਦਾ ਬਾਂਡ ਭਰਵਾ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਹਾਂਸੀ ਪੁਲਸ ਵੱਲੋਂ ਡੀ. ਐੱਸ. ਪੀ. ਵਿਨੋਦ ਸ਼ੰਕਰ ਨੇ ਪੁੱਛਗਿੱਛ ਕੀਤੀ। ਪੁਲਸ ਨੇ ਯੁਵਿਕਾ ਦੇ ਦੋ ਫੋਨ ਵੀ ਕਬਜ਼ੇ 'ਚ ਲੈ ਲਏ ਹਨ। ਯੁਵਿਕਾ ਚੌਧਰੀ ਨਾਲ ਕਰੀਬ 10 ਬਾਊਂਸਰ, ਉਨ੍ਹਾਂ ਦੇ ਪਤੀ ਪ੍ਰਿੰਸ ਨਰੂਲਾ ਅਤੇ ਵਕੀਲ ਵੀ ਮੌਜੂਦ ਸਨ। ਯੁਵਿਕਾ ਦੇ ਵਕੀਲ ਅਸ਼ੋਕ ਬਿਸ਼ਨੋਈ ਨੇ ਦੱਸਿਆ ਕਿ ਹੁਣ ਇਸ ਕੇਸ 'ਚ 24 ਨਵੰਬਰ ਨੂੰ ਹਾਈ ਕੋਰਟ 'ਚ ਸੁਣਵਾਈ ਹੋਵੇਗੀ।
ਦੱਸਣਯੋਗ ਹੈ ਕਿ ਯੁਵਿਕਾ ਨੇ ਇਸੇ ਸਾਲ 25 ਮਈ ਨੂੰ ਆਪਣੇ ਬਲਾਗ 'ਤੇ ਇਕ ਵੀਡੀਓ ਜਾਰੀ ਕਰਕੇ ਅਨੁਸੂਚਿਤ ਜਾਤੀ ਸਮਾਜ ਲਈ ਇਕ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦਲਿਤ ਅਧਿਕਾਰ ਵਰਕਰ ਰਜਤ ਕਲਸਨ ਨੇ ਥਾਣਾ ਸ਼ਹਿਰ ਹਾਂਸੀ 'ਚ ਯੁਵਿਕਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
ਕੌਣ ਹੈ ਯੁਵਿਕਾ ਚੌਧਰੀ
ਯੁਵਿਕ ਚੌਧਰੀ ਬਾਲੀਵੁੱਡ ਅਦਾਕਾਰਾ ਹੈ, ਜਿਹੜੀ ਰਿਐਲਟੀ ਸ਼ੋਅ 'ਬਿੱਗ ਬੌਸ' 'ਚ ਵੀ ਆ ਚੁੱਕੀ ਹੈ। 2 ਅਗਸਤ 1983 ਨੂੰ ਪੈਦਾ ਹੋਈ ਯੁਵਿਕਾ ਚੌਧਰੀ ਨੇ 'ਓਮ ਸ਼ਾਂਤੀ ਓਮ', 'ਸਮਰ 2007' ਤੇ 'ਤੋ ਬਾਤ ਪੱਕੀ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ। ਹਿੰਦੀ ਦੇ ਨਾਲ ਹੀ ਉਨ੍ਹਾਂ ਕੰਨੜ ਫ਼ਿਲਮ 'ਚ ਵੀ ਕੰਮ ਕੀਤਾ ਹੈ। 2019 'ਚ ਉਨ੍ਹਾਂ ਡਾਂਸ ਰਿਐਲਟੀ ਸ਼ੋਅ 'ਨੱਚ ਬੱਲੀਏ 9' 'ਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਦੇ ਪਤੀ ਪ੍ਰਿੰਸ ਨਰੂਲਾ ਪਾਰਟਨਰ ਬਣੇ ਸਨ ਤੇ ਫਾਈਨਲ ਜਿੱਤਿਆ ਸੀ। ਯੁਵਿਕਾ ਚੌਧਰੀ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ।
ਮੰਗੀ ਸੀ ਮਾਫ਼ੀ, ਕਿਹਾ 'ਸ਼ਬਦ ਦਾ ਮਤਲਬ ਨਹੀਂ ਪਤਾ ਸੀ'
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੇ ਹੰਗਾਮਾ ਮਚਣ ਤੋਂ ਬਾਅਦ ਯੁਵਿਕਾ ਚੌਧਰੀ ਨੇ ਮਾਫ਼ੀ ਮੰਗਣ ਲਈ ਟਵਿੱਟਰ ਦਾ ਸਹਾਰਾ ਲਿਆ ਤੇ ਕਿਹਾ ਕਿ ਉਨ੍ਹਾਂ ਨੂੰ ਉਕਤ ਸ਼ਬਦ ਦਾ ਅਰਥ ਨਹੀਂ ਪਤਾ ਹੈ। ਯੁਵਿਕਾ ਨੇ ਟਵੀਟ ਕੀਤਾ ਸੀ, ਜਿਸ 'ਚ ਉਸ ਨੇ ਲਿਖਿਆ, ''ਨਮਸਕਾਰ ਦੋਸਤੋਂ, ਮੈਂ ਉਸ ਸ਼ਬਦ ਦਾ ਅਰਥ ਨਹੀਂ ਜਾਣਦੀ ਸੀ, ਜਿਸ ਦਾ ਮੈਂ ਆਪਣੇ ਪਿਛਲੇ ਬਲਾਗ 'ਚ ਇਸਤੇਮਾਲ ਕੀਤਾ ਸੀ। ਮੇਰਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਅਜਿਹਾ ਕਦੀ ਨਹੀਂ ਕਰ ਸਕਦੀ। ਮੇਰੀ ਗੱਲ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤਾਂ ਮੈਂ ਸਾਰਿਆਂ ਨੂੰ ਮਾਫ਼ੀ ਮੰਗਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਪਿਆਰ ਨੂੰ ਸਮਝੋਗੇ।''
ਨੋਟ - ਯੁਵਿਕਾ ਚੌਧਰੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।