ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ
Sunday, Mar 19, 2023 - 04:51 PM (IST)
ਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਅੱਜ ਪਹਿਲੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਵੀਡੀਓ ਦੇਖ ਕੇ ਇੰਝ ਲੱਗਾ, ਜਿਵੇਂ ਉਨ੍ਹਾਂ ਦਾ ਪੁੱਤ ਦੁਬਾਰਾ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਹੋਰ ਦਿਨ ਫੜ ਲੈਂਦੇ।
ਕੀ ਇਹੀ ਸਾਡਾ ਲੋਕਤੰਤਰ ਹੈ : ਬਲਕੌਰ ਸਿੰਘ
ਸਾਡੇ ਸਮਾਗਮ ਵਾਲੇ ਦਿਨ ਹੀ ਇੰਟਰਨੈੱਟ ਤੇ ਬੱਸਾਂ ਬੰਦ ਕਰ ਦਿੱਤੀਆਂ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਜਿਨ੍ਹਾਂ ਬੰਦਿਆਂ ਦੇ ਅਸੀਂ ਨਾਂ ਦਿੱਤੇ ਹਨ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ। ਤੁਸੀਂ ਜਾਂਚ ਕਰੋ, ਮੈਨੂੰ 100 ਫ਼ੀਸਦੀ ਤੁਹਾਡੇ ’ਤੇ ਭਰੋਸਾ ਹੈ। ਇੰਨੀ ਕਾਰਵਾਈ ਲਈ ਤੁਸੀਂ 11 ਮਹੀਨੇ ਟਪਾ ਦਿੱਤੇ। ਕੀ ਇਹੀ ਸਾਡਾ ਲੋਕਤੰਤਰ ਹੈ?
ਲਾਰੈਂਸ ਤੇ ਪੱਤਰਕਾਰ ’ਤੇ ਕਾਰਵਾਈ ਕਿਉਂ ਨਹੀਂ ਹੋਈ?
ਉਨ੍ਹਾਂ ਕਿਹਾ ਕਿ ਇਹ ਨਿਰੋਲ ਧਾਰਮਿਕ ਪ੍ਰੋਗਰਾਮ ਹੈ। ਇੰਟਰਨੈੱਟ ਤਾਂ ਬੰਦ ਕਰ ਦਿੱਤਾ ਪਰ ਉਸ ਜ਼ਾਲਮ ਦਾ ਜੇਲ੍ਹ ’ਚ ਇੰਟਰਨੈੱਟ ਚੱਲ ਰਿਹਾ। ਲਾਰੈਂਸ ’ਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਇੰਟਰਵਿਊ ਲੈਣ ਵਾਲੇ ’ਤੇ ਕੋਈ ਕਾਰਵਾਈ ਕੀਤੀ ਗਈ। ਲਾਰੈਂਸ ਨੂੰ ਦੇਸ਼ ਭਗਤ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕੰਵਰ ਤੇ ਜੋਤੀ ਦੇ ਨਾਂ ਲਏ, ਜਿਨ੍ਹਾਂ ਨਾਲ ਸਿੱਧੂ ਪਹਿਲਾਂ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਪੰਡਾਲ ’ਚ ਲਿਆਂਦੀ ਗਈ ‘ਥਾਰ’ ਤੇ ‘5911’ ਟਰੈਕਟਰ, ਦੇਖੋ ਤਸਵੀਰਾਂ
ਸਰਕਾਰ ਨੂੰ ਬੇਨਤੀ, ਜੇਲ੍ਹਾਂ ਸਾਫ ਕਰ ਦਿਓ
ਬਲਕੌਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਸਿੱਧੂ ਦੇ ਪੈਸੇ ਖਾ ਲਏ। ਬਾਅਦ ’ਚ ਸਿੱਧੂ ਨੇ ਆਪਣਾ ਚੈਨਲ ਬਣਾਇਆ ਤੇ ਉਸ ’ਤੇ ਗੀਤ ਪਾਉਣੇ ਸ਼ੁਰੂ ਕੀਤੇ। ਉਸ ਨੇ ਚੰਡੀਗੜ੍ਹ ਛੱਡ ਕੇ ਆਪਣੇ ਪਿੰਡ ’ਚ ਰਹਿਣਾ ਪਸੰਦ ਕੀਤਾ। ਸ਼ਾਇਦ ਇਸ ਗੱਲ ਦੀ ਸਾਨੂੰ ਸਜ਼ਾ ਮਿਲੀ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਜੇਲ੍ਹਾਂ ਸਾਫ ਕਰ ਦਿਓ।
ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ : ਚਰਨ ਕੌਰ
ਇਸ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਵੀ ਆਪਣੇ ਜਜ਼ਬਾਤ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ? ਅਸੀਂ ਅਜੇ ਵੀ ਗੁਲਾਮ ਹਾਂ। ਇਥੇ ਗੈਂਗਸਟਰ ਜੇਲਾਂ ’ਚ ਬੈਠ ਕੇ ਲੋਕਾਂ ਦੀ ਮੌਤ ਦੇ ਫਰਮਾਨ ’ਤੇ ਦਸਤਖ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤ ਦਾ ਕਿਸੇ ਮਾਮਲੇ ’ਚ ਨਿੱਕਾ ਜਿਹਾ ਕਸੂਰ ਵੀ ਨਿਕਲਦਾ ਹੈ ਤਾਂ ਉਹ ਦੋਵੇਂ ਸਜ਼ਾ ਭੁਗਤਣਗੇ।
ਨੋਟ– ਬਲਕੌਰ ਸਿੰਘ ਤੇ ਚਰਨ ਕੌਰ ਦੇ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।