ਮੁੰਬਈ ''ਚ ਵੀ ਸਾਡਾ ਪੰਜਾਬ ਵਸਿਆ ਹੋਇਆ ਹੈ : ਕਪਿਲ ਸ਼ਰਮਾ
Tuesday, Apr 21, 2026 - 12:19 PM (IST)
ਮੁੰਬਈ (ਵਿਸ਼ੇਸ਼)- ਪੰਜਾਬੀ ਪ੍ਰਤਿਭਾਵਾਂ ਦੀ ਉੱਤਮਤਾ, ਵਿਭਿੰਨਤਾ ਅਤੇ ਵਿਸ਼ਵ ਵਿਆਪੀ ਪ੍ਰਭਾਵ ਦਾ ਜਸ਼ਨ ਮਨਾਉਂਦੇ ਹੋਏ ‘ਪੰਜਾਬੀ ਆਈਕਨ ਐਵਾਰਡਜ਼-2026’ ਦਾ ਆਯੋਜਨ ਮੁੰਬਈ ਵਿਚ ਇਕ ਸ਼ਾਨਦਾਰ ਅਤੇ ਸਿਤਾਰਿਆਂ ਨਾਲ ਸਜੀ ਸ਼ਾਮ ਦੇ ਰੂਪ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਅਤੇ ਆਯੋਜਨ ਕਾਂਗਰਸੀ ਆਗੂ ਚਰਨ ਸਿੰਘ ਸਪਰਾ ਵੱਲੋਂ ਕੀਤਾ ਗਿਆ, ਜਿਸ ਵਿਚ ਮਨੋਰੰਜਨ, ਵਪਾਰ ਅਤੇ ਜਨਤਕ ਜੀਵਨ ਨਾਲ ਜੁੜੀਆਂ ਕਈ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਸ਼ਾਮ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੂੰ ਮਨੋਰੰਜਨ ਜਗਤ ਵਿਚ ਉਨ੍ਹਾਂ ਦੇ ਵਧੀਆ ਯੋਗਦਾਨ ਲਈ ਸਨਮਾਨਿਤ ਕੀਤਾ ਜਾਣਾ ਰਿਹਾ। ਕਪਿਲ ਸ਼ਰਮਾ ਦੀ ਮੌਜੂਦਗੀ ’ਤੇ ਚਰਨ ਸਿੰਘ ਸਪਰਾ ਨੇ ਕਿਹਾ, “ਸਿਰਫ਼ ਇਕ ਸੁਨੇਹੇ ’ਤੇ ਹੀ ਉਹ ਆਉਣ ਲਈ ਤਿਆਰ ਹੋ ਗਏ। ‘ਪੰਜਾਬੀਅਤ’ ਦੀ ਅਸਲੀ ਭਾਵਨਾ ਅੱਜ ਵੀ ਕਪਿਲ ਸ਼ਰਮਾ ਵਿਚ ਜ਼ਿੰਦਾ ਹੈ।”

ਇਸ ਮੌਕੇ ਕਪਿਲ ਸ਼ਰਮਾ ਨੇ ਕਿਹਾ, “ਜਦੋਂ ਪ੍ਰਤਿਭਾ ਨੂੰ ਮਾਨਤਾ ਮਿਲਦੀ ਹੈ ਤਾਂ ਚੰਗਾ ਲੱਗਦਾ ਹੈ ਅਤੇ ਉਸ ਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੁੰਬਈ ਵਿਚ ਵੀ ਸਾਡਾ ਪੰਜਾਬ ਵਸਿਆ ਹੋਇਆ ਹੈ। ਮੇਰਾ ਸਪਰਾ ਸਾਹਿਬ ਨਾਲ ਰਿਸ਼ਤਾ ਉਦੋਂ ਤੋਂ ਹੈ, ਜਦੋਂ ਮੈਂ ਪਹਿਲੀ ਵਾਰ ਮੁੰਬਈ ਆਇਆ ਸੀ। ਉਨ੍ਹਾਂ ਨੇ ਹਮੇਸ਼ਾ ਮੈਨੂੰ ਸਲਾਹਿਆ ਹੈ।”
ਇਸ ਪ੍ਰੋਗਰਾਮ ਵਿਚ ਏਕਤਾ ਕਪੂਰ, ਰਾਜ ਕੁੰਦਰਾ, ਗੀਤਾ ਬਸਰਾ, ਵਿਨੀਤ ਸ਼ਰਮਾ, ਰਜਤ ਬੇਦੀ, ਸਤਿੰਦਰ ਸੱਤੀ, ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਬੀ. ਐੱਮ. ਡਬਲਯੂ. ਇੰਡੀਆ ਦੇ ਐੱਮ. ਡੀ. ਹਰਦੀਪ ਬਰਾੜ ਅਤੇ ਮਹਿੰਦਰ ਸਿੰਘ ਗਿਲਜੀਆਂ (ਯੂ. ਐੱਸ.) ਸਮੇਤ ਕਈ ਉੱਘੀਆਂ ਸ਼ਖਸੀਅਤਾਂ ਮੌਜੂਦ ਰਹੀਆਂ। ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਦੀ ਸ਼ਾਨਦਾਰ ਪੇਸ਼ਕਾਰੀ ਨੇ ਇਸ ਸ਼ਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।
