ਵਿਸ਼ਵ ਯੁੱਧ ਦੌਰਾਨ ਸਿੱਖ ਫ਼ੌਜੀਆਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਬਿਆਨ ਕਰੇਗੀ ਨਵੀਂ ਫ਼ਿਲਮ 'ਪ੍ਰੋਮਿਸਿਜ਼'
Wednesday, Nov 11, 2020 - 11:24 AM (IST)
ਜਲੰਧਰ (ਬਿਊਰੋ) - ਸਿੱਖ ਆਪਣੀ ਬਹਾਦਰੀ ਤੇ ਕੁਰਬਾਨੀ ਲਈ ਦੁਨੀਆ ਭਰ 'ਚ ਜਾਣੇ ਜਾਂਦੇ ਹਨ। ਹਾਲੇ ਵੀ ਕਈ ਥਾਂਵਾਂ 'ਤੇ ਸਿੱਖਾਂ ਦੀ ਇਸ ਬਹਾਦਰੀ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਅਜਿਹੀ ਹੀ ਇਕ ਫ਼ਿਲਮ ਸਿੱਖ ਫ਼ੌਜੀਆਂ ਵਲੋਂ ਸੰਸਾਰ ਪੱਧਰ 'ਤੇ ਦਿੱਤੀਆਂ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਜਲਦ ਹੀ ਸਿਲਵਰ ਸਕ੍ਰੀਨ 'ਤੇ ਵਿਖਾਈ ਜਾ ਰਹੀ ਹੈ।
ਕੈਨੇਡਾ ਦੇ ਫ਼ੌਜੀਆਂ ਵਾਂਗ ਭਾਰਤੀ ਸਿੱਖ ਫ਼ੌਜੀਆਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਹਾਨ ਕੁਰਬਾਨੀਆਂ ਦਿੱਤੀਆਂ ਸਨ ਪਰ ਉਨ੍ਹਾਂ ਦੀ ਭੂਮਿਕਾ ਦਾ ਕੋਈ ਜ਼ਿਕਰ ਕਦੇ ਨਹੀਂ ਕੀਤਾ ਗਿਆ। ਆਉਣ ਵਾਲੀ ਫ਼ਿਲਮ 'ਪ੍ਰੋਮਿਸਿਜ਼' ਦੀ ਕਹਾਣੀ ਸਰੀ, ਬੀਸੀ ਦੇ ਰਹਿਣ ਵਾਲੇ ਇਤਿਹਾਸਕਾਰ ਸੁਖਪ੍ਰੀਤ ਸਿੰਘ ਹੇਅਰ ਨੇ ਲਿਖੀ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਵਲੋਂ ਹੀ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਉਨ੍ਹਾਂ ਦੀ ਕਿਤਾਬ 'ਡਿਊਟੀ, ਆਨਰ ਐਂਡ ਇੱਜ਼ਤ' ਤੋਂ ਲਈ ਗਈ ਹੈ।
ਦੱਸ ਦਈਏ ਕਿ ਬੀਤੇ ਐਤਵਾਰ ਇਸ ਫ਼ਿਲਮ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਤੇ ਅਗਲੇ ਸਾਲ ਇਹ ਫ਼ਿਲਮ ਸਿਨੇਮਾਘਰਾਂ 'ਚ ਵਿਖਾਈ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ।