‘ਡਾਂਸ ਦੀਵਾਨੇ ਜੂਨੀਅਰਸ’ ਤੋਂ ਨੀਤੂ ਕਪੂਰ ਨੂੰ ਮਿਲੀ ਖ਼ੁਸ਼ੀ ਤੇ ਦੱਸਿਆ ਬਹੁਤ ਪਿਆਰੀ ਹੈ ਮੇਰੀ ਨੂੰਹ ਆਲੀਆ

04/11/2022 1:13:43 PM

ਮੁੰਬਈ (ਹਰਲੀਨ ਕੌਰ)– ਡਾਂਸ ਰਿਐਲਿਟੀ ਸ਼ੋਅ ਇਨ੍ਹੀਂ ਦਿਨੀਂ ਨਵੇਂ-ਨਵੇਂ ਟੈਲੇਂਟ ਨੂੰ ਲੱਭ ਕੇ ਲਿਆ ਰਿਹਾ ਹੈ ਤੇ ਇਸੇ ਲਿਸਟ ’ਚ ਹੁਣ ਨਾਂ ਜੁੜਨ ਜਾ ਰਿਹਾ ਹੈ ‘ਡਾਂਸ ਦੀਵਾਨੇ ਜੂਨੀਅਰਸ’ ਦਾ, ਜਿਥੇ ਡਾਂਸ ਦਾ ਜੋਸ਼ ਹੋਵੇਗਾ ਤਿੰਨ ਗੁਣਾ ਕਿਉਂਕਿ ਨੰਨ੍ਹੇ ਬੱਚਿਆਂ ਨੂੰ ਜੱਜ ਕਰ ਰਹੇ ਹਨ ਫ਼ਿਲਮ ਇੰਡਸਟਰੀ ਦੇ ਤਿੰਨ ਟੈਲੇਂਟਿਡ ਸਿਤਾਰੇ ਨੀਤੂ ਕਪੂਰ, ਨੋਰਾ ਫਤੇਹੀ ਤੇ ਮਰਜ਼ੀ। ਇਸ ਸ਼ੋਅ ਬਾਰੇ ਗੱਲ ਕਰਦਿਆਂ ਨੀਤੂ ਦਾ ਕਹਿਣਾ ਸੀ ਕਿ ਇਹ ਬੱਚੇ ਨਹੀਂ ਟੈਲੇਂਟ ਦਾ ਖਜ਼ਾਨਾ ਹਨ, ਜਿਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖ਼ੂਬ ਲਟਕੇ-ਝਟਕੇ ਤੇ ਡਾਂਸ ਦੀਆਂ ਉਹ ਅਲੱਗ ਫਾਰਮਜ਼ ਪਤਾ ਹਨ, ਜਿਨ੍ਹਾਂ ਬਾਰੇ ਸਾਡੇ ਸਮੇਂ ’ਚ ਕੋਈ ਜ਼ਿਕਰ ਨਹੀਂ ਸੀ, ਸਾਡੇ ਸਮੇਂ ’ਚ ਬੱਚੇ ਰਾਅ ਸਨ, ਕੁਝ ਗਲਤ ਹੁੰਦਾ ਸੀ ਤਾਂ ਸਿੱਖ ਕੇ ਅੱਗੇ ਵਧਦੇ ਸਨ ਪਰ ਅੱਜ ਦੇ ਸਮੇਂ ’ਚ ਮੁਕਾਬਲਾ ਇੰਨਾ ਜ਼ਿਆਦਾ ਹੈ ਕਿ ਸੁਧਰਨ ਦਾ ਮੌਕਾ ਹੀ ਨਹੀਂ ਮਿਲਦਾ, ਇਕ ਗਲਤੀ ਕੀਤੀ ਤੇ ਤੁਸੀਂ ਆਊਟ। ਉਹੀ ਹਾਲ ਫ਼ਿਲਮਾਂ ਦਾ ਹੋ ਚੁੱਕਾ ਹੈ, ਤੁਸੀਂ ਇਕ ਫਲਾਪ ਦਿੱਤੀ ਤਾਂ ਲੋਕ ਤੁਹਾਨੂੰ ਭੁੱਲ ਜਾਂਦੇ ਹਨ।

ਮੈਂ ਖ਼ੁਦ ਪੰਜ ਸਾਲ ਦੀ ਉਮਰ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਇਹ ਬੱਚੇ ਖ਼ਾਸ ਹਨ, ਨਾਯਾਬ ਹਨ ਤੇ ਸੁਪਰ ਸਟਾਰ ਹਨ। ਮੇਰੇ ਸ਼ੋਅ ਨੂੰ ਜੱਜ ਕਰਨ ਦੀ ਇਕ ਵਜ੍ਹਾ ਇਹ ਵੀ ਰਹੀ ਕਿ ਮੇਰਾ ਬੱਚਿਆਂ ਨਾਲ ਲਗਾਅ ਹੈ ਤੇ ਮੈਂ ਖ਼ੁਦ ਨੂੰ ਰਿਸ਼ੀ ਜੀ ਦੇ ਜਾਣ ਤੋਂ ਬਾਅਦ ਬਿਜ਼ੀ ਰੱਖਣਾ ਚਾਹੁੰਦੀ ਸੀ, ਪਹਿਲਾਂ ਮੈਂ ਇਕ ਫ਼ਿਲਮ ਕੀਤੀ ‘ਜੁਗ ਜੁਗ ਜੀਓ’ ਮੈਨੂੰ ਬਿਹਤਰ ਲੱਗਾ, ਫਿਰ ਕੁਝ ਹੋਰ ਸ਼ੋਅਜ਼ ’ਤੇ ਗਈ ਤੇ ਉਸ ਤੋਂ ਬਾਅਦ ਇਹ ਮੌਕਾ ਮਿਲਿਆ ਤਾਂ ਲੱਗਾ ਬਿਜ਼ੀ ਰਹਿ ਕੇ ਮੈਂ ਠੀਕ ਹਾਂ, ਖ਼ੁਸ਼ ਹਾਂ।

ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਉਥੇ ਜਦੋਂ ਨੀਤੂ ਕੋਲੋਂ ਉਨ੍ਹਾਂ ਦੀ ਪੋਤੀ ਸਮਾਇਰਾ ਦੀ ਪ੍ਰਤੀਕਿਰਿਆ ’ਤੇ ਪੁੱਛਿਆ ਗਿਆ ਤਾਂ ਨੀਤੂ ਨੇ ਕਿਹਾ ਕਿ ਉਸ ਦੀ ਪ੍ਰਤੀਕਿਰਿਆ ਲਈ ਤਾਂ ਮੈਂ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਕਿਉਂਕਿ ਉਸੇ ਦੇ ਉਮਰ ਵਰਗ ਦੇ ਬੱਚੇ ਹਨ ਤੇ ਸਮਾਇਰਾ ਨੂੰ ਡਾਂਸ ਤੇ ਗਾਣਾ ਗਾਉਣ ਦਾ ਬਹੁਤ ਸ਼ੌਕ ਹੈ। ਆਲੀਆ-ਰਣਬੀਰ ਦੇ ਵਿਆਹ ’ਤੇ ਗੱਲ ਕਰਦਿਆਂ ਨੀਤੂ ਕਪੂਰ ਨੇ ਹੋਣ ਵਾਲੀ ਨੂੰਹ ਆਲੀਆ ਦੀ ਰੱਜ ਕੇ ਤਾਰੀਫ਼ ਕੀਤੀ ਤੇ ਕਿਹਾ, ‘ਦੇਖੋ ਪੁੱਤਰ ਲਈ ਲੜਕੀ ਬੜੀ ਪਿਆਰੀ ਹੈ, ਸੁਸ਼ੀਲ, ਸਾਫ ਮਨ ਦੀ ਹੈ ਤੇ ਮੇਰਾ ਪੁੱਤਰ ਰਣਬੀਰ ਵੀ ਬਹੁਤ ਸਾਫ ਹੈ। ਉਹ ਦੋਵੇਂ ਇਕ-ਦੂਜੇ ਲਈ ਹੀ ਬਣੇ ਹਨ। ਜੋ ਸਾਫ ਲੋਕ ਹੁੰਦੇ ਹਨ, ਉਹ ਬੜੇ ਪਿਆਰੇ ਹੁੰਦੇ ਹਨ।’

‘ਡਾਂਸ ਦੀਵਾਨੇ ਜੂਨੀਅਰਸ’ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੱਚੇ ਚੁਣੇ ਗਏ ਹਨ, ਜਿਨ੍ਹਾਂ ਦੀ ਉਮਰ 4 ਤੋਂ 14 ਸਾਲ ਦੀ ਹੈ। ਇਹ ਬੱਚੇ ਸੋਲੋ, ਡੂਓ ਤੇ ਗਰੁੱਪਸ ’ਚ ਆਪਣੇ ਡਾਂਸ ਦੇ ਸ਼ਾਨਦਾਰ ਮੂਵਜ਼ ਦਾ ਪ੍ਰਦਰਸ਼ਨ ਤੇ ਇਕ-ਦੂਜੇ ਨਾਲ ਮੁਕਾਬਲਾ ਕਰਦੇ ਸਟੇਜ ’ਤੇ ਧੂਮ ਮਚਾ ਦੇਣਗੇ। ਇਸ ਸ਼ੋਅ ’ਚ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਜੱਜਾਂ ਦਾ ਇਕ ਸਨਮਾਨਿਤ ਪੈਨਲ ਹੈ, ਜਿਨ੍ਹਾਂ ’ਚ ਨੀਤੂ ਕਪੂਰ, ਨੋਰਾ ਫਤੇਹੀ ਤੇ ਮਰਜ਼ੀ ਪੇਸਟਨਜੀ ਸ਼ਾਮਲ ਹਨ। ਉਨ੍ਹਾਂ ਨਾਲ ਸ਼ੋਅ ਦੇ ਹੋਸਟ ਦੇ ਰੂਪ ’ਚ ਟੀ. ਵੀ. ਦੀ ਦਿਲ ਦੀ ਧੜਕਨ ਕਰਨ ਕੁੰਦਰਾ ਹੋਣਗੇ। ‘ਡਾਂਸ ਦੀਵਾਨੇ ਜੂਨੀਅਰਸ’ 23 ਅਪ੍ਰੈਲ, 2022 ਨੂੰ ਹਰ ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਕਲਰਸ ਚੈਨਲ ’ਤੇ ਪ੍ਰਸਾਰਿਤ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News