ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ, ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

05/24/2022 10:32:47 AM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਉਸ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਦਾ ਮਜ਼ਾਕ ਉਡਾ ਰਹੀ ਹੈ। ਹੁਣ ਰਾਸ਼ਟਰੀ ਘੱਟਗਿਣਤੀ ਕਮਿਸ਼ਨ (ਐੱਨ. ਸੀ. ਐੱਮ.) ਨੇ ਇਸ ਮਾਮਲੇ ’ਚ ਦਖ਼ਲ ਦਿੱਤਾ ਹੈ। ਕਮਿਸ਼ਨ ਨੂੰ ਭਾਰਤੀ ਸਿੰਘ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਦਖ਼ਲ ਦਿੰਦਿਆਂ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ 4 ਜੂਨ ਨੂੰ ਹੋਣ ਵਾਲੇ ਸ਼ੋਅ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਲੋਕਾਂ ਨੇ ਆਖੀਆਂ ਇਹ ਗੱਲਾਂ

ਭਾਰਤੀ ਸਿੰਘ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਭਾਰਤੀ ਨੇ ਜੋ ਚੁਟਕੁਲੇ ਬਣਾਏ ਹਨ, ਉਹ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਸਨ। ਹਾਲਾਂਕਿ ਇਸ ਮਾਮਲੇ ’ਤੇ ਭਾਰਤੀ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸ ਦਾ ਇਰਾਦਾ ਕਿਸੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਇਸ ਲਈ ਮੁਆਫ਼ੀ ਵੀ ਮੰਗੀ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਸ਼ਬਦਾਂ ਨੂੰ ਗਲਤ ਨਾ ਸਮਝਣ।

ਭਾਰਤੀ ਸਿੰਘ ਨੇ ਹਾਲ ਹੀ ’ਚ ਆਪਣੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੀ ਨਜ਼ਰ ਆਈ। ਵੀਡੀਓ ’ਚ ਉਸ ਨੇ ਕਿਹਾ, ‘‘ਮੈਂ ਕਿਸੇ ਧਰਮ ਦਾ ਜ਼ਿਕਰ ਨਹੀਂ ਕੀਤਾ ਹੈ ਜਾਂ ਕਿਸੇ ਪੰਜਾਬੀ ਦਾ ਮਜ਼ਾਕ ਨਹੀਂ ਉਡਾਇਆ ਹੈ। ਮੈਂ ਆਪਣੇ ਦੋਸਤ ਨਾਲ ਕਾਮੇਡੀ ਕਰ ਰਹੀ ਸੀ ਪਰ ਜੇਕਰ ਇਸ ਤੋਂ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੈਂ ਖ਼ੁਦ ਇਕ ਪੰਜਾਬੀ ਹਾਂ, ਮੈਂ ਅੰਮ੍ਰਿਤਸਰ ’ਚ ਪੈਦਾ ਹੋਈ ਸੀ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਸਨਮਾਨ ਕਰਦੀ ਹਾਂ। ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ।’’

ਅਸਲ ’ਚ ਭਾਰਤੀ ਸਿੰਘ ਆਪਣੇ ਇਕ ਸ਼ੋਅ ਦੌਰਾਨ ਅਦਾਕਾਰਾ ਜੈਸਮੀਨ ਭਸੀਨ ਨਾਲ ਗੱਲਬਾਤ ਕਰਦਿਆਂ ਦਿਖਾਈ ਦੇ ਰਹੀ ਹੈ। ਇਸ ਦੌਰਾਨ ਦਾੜ੍ਹੀ-ਮੁੱਛਾਂ ’ਤੇ ਕੁਮੈਂਟ ਕਰਦਿਆਂ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛ ਕਿਉਂ ਨਹੀਂ ਚਾਹੀਦੀ। ਦਾੜ੍ਹੀ-ਮੁੱਛ ਦੇ ਬਹੁਤ ਫਾਇਦੇ ਹੁੰਦੇ ਹਨ। ਦੁੱਧ ਪਿਓ, ਇੰਝ ਦਾੜ੍ਹੀ ਮੂੰਹ ’ਚ ਪਾਓ, ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜੋ ਸਾਰਾ ਦਿਨ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News