ਡਰੱਗਸ ਮਾਮਲੇ ’ਚ ਐੱਨ. ਸੀ. ਬੀ. ਨੇ ਬਾਲੀਵੁੱਡ ਕਲਾਕਾਰ ਨੂੰ ਕੀਤਾ ਗ੍ਰਿਫਤਾਰ, ਕੋਕੀਨ ਕੀਤੀ ਬਰਾਮਦ

12/10/2020 7:33:07 PM

ਜਲੰਧਰ (ਬਿਊਰੋ)– ਐੱਨ. ਸੀ. ਬੀ. ਨੇ ਅੱਜ ਮੁੰਬਈ ’ਚ ਬਾਲੀਵੁੱਡ ਮੇਕਅੱਪ ਆਰਟਿਸਟ ਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਕੋਕੀਨ ਬਰਾਮਦ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬਾਲੀਵੁੱਡ ’ਚ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਦੀ ਮੁੰਬਈ ਜ਼ੋਨਲ ਯੂਨਿਟ ਨੇ ਬੁੱਧਵਾਰ ਨੂੰ ਅੰਧੇਰੀ ਦੇ ਓਸ਼ੀਵਾੜਾ ਖੇਤਰ ’ਚ ਮੀਰਾ ਟਾਵਰ ’ਤੇ ਛਾਪਾ ਮਾਰਿਆ। ਐੱਨ. ਸੀ. ਬੀ. ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਗੋਦਾਂਬੇ ਤੇ ਲਾਲਚੰਦਰ ਯਾਦਵ, ਜੋ ਕਿ ਆਟੋ ਰਿਕਸ਼ਾ ਚਾਲਕ ਸਨ, ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਐੱਨ. ਸੀ. ਬੀ. ਦੀ ਟੀਮ ਨੇ ਉਨ੍ਹਾਂ ਕੋਲੋਂ 16 ਪੈਕੇਟ ਨਸ਼ੇ ਦੇ ਬਰਾਮਦ ਕੀਤੇ, ਜਿਨ੍ਹਾਂ ਦਾ ਭਾਰ 17.6 ਗ੍ਰਾਮ ਹੈ, ਜਿਸ ’ਚ 11 ਗ੍ਰਾਮ ਕੋਕੀਨ ਸੀ। ਅਧਿਕਾਰੀ ਨੇ ਕਿਹਾ ਕਿ ਗੋਦਾਂਬੇ ਇਕ ਮੇਕਅੱਪ ਆਰਟਿਸਟ ਤੇ ਹੇਅਰ ਸਟਾਈਲਿਸਟ ਹੈ ਤੇ ਕੁਝ ਪ੍ਰੋਡਕਸ਼ਨ ਹਾਊਸਾਂ ਨਾਲ ਕੰਮ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਗੋਦਾਂਬੇ ਨੂੰ ਨਸ਼ੀਲੇ ਪਦਾਰਥ ਮਿਲਦੇ ਸਨ, ਜਦੋਂਕਿ ਯਾਦਵ ਇਸ ਦੀ ਸਪਲਾਈ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਵੀਰਵਾਰ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਨੂੰ ਮੁੰਬਈ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 16 ਦਸੰਬਰ ਤੱਕ ਐੱਨ. ਸੀ. ਬੀ. ਹਿਰਾਸਤ ’ਚ ਭੇਜ ਦਿੱਤਾ ਗਿਆ।

ਐੱਨ. ਸੀ. ਬੀ. ਨੇ ਮੰਗਲਵਾਰ ਨੂੰ ਮੁੰਬਈ ’ਚ ਕਈ ਥਾਵਾਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਾ ਵਪਾਰੀ ਰੀਗਲ ਮਹਾਕਾਲ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਕਾਰਵਾਈ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਨ. ਸੀ. ਬੀ. ਨੇ ਛਾਪੇਮਾਰੀ ਦੌਰਾਨ ਢਾਈ ਕਰੋੜ ਰੁਪਏ ਦੇ ਚਰਸ ਤੇ 13.51 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।

ਨੋਟ– ਬਾਲੀਵੁੱਡ ’ਚ ਨਸ਼ੇ ਨੂੰ ਲੈ ਕੇ ਹੁੰਦੀਆਂ ਗ੍ਰਿਫਤਾਰੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News