ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ
Saturday, Jul 25, 2020 - 12:28 PM (IST)

ਜਲੰਧਰ (ਬਿਊਰੋ) : ਪਿਛਲੇ ਡੇਢ ਸਾਲ ਤੋਂ ਸਰਗਰਮ ਸਿਆਸਤ ਤੋਂ ਦੂਰ ਪੰਜਾਬ ਦੀ ਨੌਜਵਾਨ ਸਿਆਸਤਦਾਨ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਪਣੀ ਚੁੱਪੀ ਤੋੜੀ ਹੈ। ਸਾਲ 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ 'ਚ ਖ਼ੂਬ ਪ੍ਰਚਾਰ ਕਰਨ ਵਾਲੀ ਨਵਜੋਤ ਕੌਰ ਲੰਬੀ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ 'ਆਪ' ਦਾ ਝਾੜੂ ਛੱਡ ਸੁਖਪਾਲ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' ਦੀ ਚਾਬੀ ਫੜ੍ਹ ਲਈ ਸੀ ਪਰ ਲੋਕ ਸਭਾ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ।
ਹੁਣ ਨਵਜੋਤ ਕੌਰ ਲੰਬੀ ਇੱਕ ਵਾਰ ਫ਼ਿਰ ਸੁਰਖੀਆਂ 'ਚ ਛਾਈ ਹੋਈ ਹੈ। ਉਹ ਵੀ ਪੰਜਾਬ ਦੇ ਸਭ ਤੋਂ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਹੈ। ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਦੇ ਹੱਕ 'ਚ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਸਪੋਰਟ ਕੀਤੀ ਹੈ। ਉਸ ਨੇ ਆਪਣੀ ਪੋਸਟ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੀਆਂ ਲੱਤਾਂ ਖਿੱਚਣ ਦੀ ਬਜਾਏ, ਉਸ 'ਤੇ ਮਾਣ ਕਰਨਾ ਚਾਹੀਦਾ ਹੈ। ਲੰਬੀ ਵਲੋਂ ਇਸ ਕਦਰ ਸਿੱਧੂ ਦਾ ਸਮਰਥਨ ਕਰਨਾ ਜਿਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਉਥੇ ਹੀ ਕਈ ਸੰਕੇਤਕ ਇਸ਼ਾਰੇ ਵੀ ਕਰ ਰਿਹਾ ਹੈ।
ਨਵਜੋਤ ਕੌਰ ਲੰਬੀ ਨੇ ਆਪਣੀ ਪੋਸਟ 'ਚ ਲਿਖਿਆ ਇਹ ਸਭ
ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ। ਹੋ ਸਕਦਾ ਕੁਝ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਅਤੇ ਕੁਝ ਲੋਕੀ ਨਾ ਸਹਿਮਤ ਹੋਣ! ਇਸ 'ਚ ਕੋਈ ਸ਼ੱਕ ਨਹੀਂ ਹੈ ਅਤੇ ਨਾ ਹੀ ਕੋਈ ਦੋ ਰਾਏ ਆ ਕਿ ਸਿੱਧੂ ਮੂਸੇ ਵਾਲੇ ਦਾ ਨਾਂ ਇਸ ਸਮੇਂ ਵਰਲਡ 'ਚ ਬਹੁਤ ਉੱਪਰ ਤੱਕ ਚਲਾ ਗਿਆ। ਜਦੋਂ ਕੋਈ ਵੀ ਪੰਜਾਬੀ ਮੁੰਡੇ ਜਾਂ ਪੰਜਾਬੀ ਕੁੜੀਆਂ, ਕਿਸੇ ਵੀ ਖੇਤਰ 'ਚ ਆਪਣਾ ਨਾਮ ਉੱਚਾ ਕਰਦੇ ਹਨ ਤਾਂ ਉਨ੍ਹਾਂ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਾਡਾ ਫਰਜ਼ ਹੈ ਕਿ ਉਨ੍ਹਾਂ ਨੂੰ ਅਸੀਂ ਉਤਸ਼ਾਹਿਤ ਕਰੀਏ। ਸਿੱਧੂ ਮੂਸੇ ਵਾਲੇ ਨੇ ਗਾਇਕੀ ਦੇ ਖੇਤਰ 'ਚ ਆਪਣਾ ਨਾਂ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਲ ਕਰ ਲਿਆ ਹੈ।
ਇਹ ਵੀ ਪੜ੍ਹੋ : ...ਤਾਂ ਇਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਜ਼ੋਰਦਾਰ ਥੱਪੜ, ਵੀਡੀਓ ਵਾਇਰਲ
ਜ਼ਰੂਰੀ ਨਹੀਂ ਕਿ ਤੁਹਾਨੂੰ ਸਿੱਧੂ ਮੂਸੇ ਵਾਲਾ ਦੀ ਗਾਇਕੀ ਪਸੰਦ ਹੋਵੇ ਪਰ ਇੱਕ ਪੰਜਾਬੀ ਹੋਣ ਦੇ ਨਾਂ 'ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ ਉਤਸ਼ਾਹਿਤ ਨਹੀਂ ਕਰ ਸਕਦੇ ਤਾਂ ਘਟੋਂ-ਘਟ ਉਸ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਨਾ ਕਰੋ। ਪਿਛਲੇ ਕੁਝ ਸਮੇਂ ਤੋਂ ਮੈਂ ਦੇਖ ਰਹੀ ਆ ਕਿ ਕੁਝ ਮੀਡੀਆ ਚੈਨਲ, ਸਾਡੇ ਸਤਿਕਾਰਯੋਗ ਕੁਝ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ 'ਤੇ ਉਨ੍ਹਾਂ 'ਤੇ ਹਮਲਾ ਕਰ ਰਹੇ ਹਨ। ਤੁਸੀਂ ਸਿੱਧੂ ਮੂਸੇ ਵਾਲਾ ਦੀ ਰੱਜ ਕੇ ਆਲੋਚਨਾ ਕਰੋ ਪਰ ਨਫ਼ਰਤ ਨਾ ਕਰੋ। ਕੁਝ ਮੇਰੇ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲਾ ਬਾਰੇ ਜੋ ਸ਼ਬਦ ਲਿਖੇ (ਕੋਈ ਲਿਖਦਾ ਲੰਡੂ ਕਲਾਕਾਰ, ਕੋਈ ਲਿਖਦਾ ਹਿੰਸਕ ਕਲਾਕਾਰ, ਕੋਈ ਗੁੰਡਾ ਲਿਖ ਰਿਹਾ ਅਤੇ ਕੋਈ ਗੈਂਗਸਟਰ)। ਇਹ ਸ਼ਬਦ ਉਨ੍ਹਾਂ ਪੱਤਰਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ। ਸਿੱਧੂ ਮੂਸੇ ਵਾਲਾ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ। ਅਸੀਂ ਸਿਰਫ ਇਹ ਤੈਅ ਕਰ ਸਕਦੇ ਹਾਂ ਕਿ ਅਸੀਂ ਕੀ ਸੁਣਨਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਈਸ਼ਾ ਗੁਪਤਾ ਦੀਆਂ ਬੋਲਡ ਤਸਵੀਰਾਂ
ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲੱਗਦੇ ਅਤੇ ਤੁਸੀਂ ਇਨ੍ਹਾਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਓ। ਮੇਰੇ ਸਤਿਕਾਰਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲਾ ਖ਼ਿਲਾਫ਼ ਇਹ ਕੇਸ ਲੜ ਰਹੇ ਆ ਕਿ ਉਨ੍ਹਾਂ ਅਨੁਸਾਰ ਇੱਕ ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਹੈ? ਮੇਰੇ ਹਿਸਾਬ ਨਾਲ ਤਾਂ ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਕੱਟ ਰਹੇ ਹਨ, ਉਨ੍ਹਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਨਾ ਅਤੇ ਉਨ੍ਹਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾਪਤੀ ਹੋਵੇਗੀ। ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ਹੈ। ਉਸ 'ਚ ਬਹੁਤ ਕਮੀਆਂ ਹੋ ਸਕਦੀਆਂ, ਸੁਭਾਵਿਕ ਆ ਮੇਰੇ 'ਚ ਵੀ ਕਮੀਆਂ ਹੋ ਸਕਦੀਆਂ ਅਤੇ ਤੁਹਾਡੇ 'ਚ ਵੀ ਬਹੁਤ ਕਮੀਆਂ ਹੋ ਸਕਦੀਆਂ ਹਨ। ਉਸ ਕੋਲੋਂ ਗ਼ਲਤੀਆਂ ਵੀ ਹੋਣਗੀਆਂ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਗ਼ਲਤੀਆਂ ਦੀ ਸਜ਼ਾ ਨਹੀਂ ਹੁੰਦੀ ਮੁਆਫ਼ੀ ਹੁੰਦੀ ਹੈ ਤੇ ਸਜ਼ਾ ਗੁਨਾਹਾਂ ਦੀ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਿੱਧੂ ਮੂਸੇ ਵਾਲਾ ਨੇ ਕੋਈ ਵੱਡਾ ਗੁਨਾਹ ਕੀਤਾ ਕਿ ਉਸਨੂੰ 4-5 ਸਾਲ ਦੀ ਸਜ਼ਾ ਕਰਵਾਉਣੀ ਜ਼ਰੂਰੀ ਹੈ। ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕਿ ਪੰਜਾਬ ਦਾ ਮਸਲਾ ਸਿੱਧੂ ਮੂਸੇ ਵਾਲਾ ਨਹੀਂ, ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਹਨ। ਉਨ੍ਹਾਂ ਵੱਲ ਧਿਆਨ ਦਿਓ।'
ਇਹ ਵੀ ਪੜ੍ਹੋ : ਹੁਣ 'ਪ੍ਰਵਾਸੀ ਮਜ਼ੂਦਰਾਂ' ਦੇ ਰੋਜ਼ਗਾਰ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ