ਹੁਣ ਅਨੁਰਾਗ ਕਸ਼ਅਪ ਨੂੰ ਮੁੰਬਈ ਪੁਲਸ ਭੇਜੇਗੀ ਸੰਮਨ, ਜਾਣੋ ਪੂਰਾ ਮਾਮਲਾ
Tuesday, Sep 29, 2020 - 12:06 PM (IST)
ਮੁੰਬਈ (ਬਿਊਰੋ) — ਮੁੰਬਈ ਪੁਲਸ ਜਲਦ ਹੀ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਅਪ ਨੂੰ ਪੁੱਛਗਿੱਛ ਲਈ ਸੰਮਨ ਭੇਜੇਗੀ। ਅਨੁਰਾਗ ਕਸ਼ਅਪ 'ਤੇ ਇਕ ਅਦਾਕਾਰਾ ਨੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਰੇਪ ਦਾ ਮੁਕੱਦਮਾ ਦਰਜ ਕਰਵਾਉਣ ਵਾਲੀ ਅਦਾਕਾਰਾ ਦੀ ਲੜਾਈ ਹੁਣ ਕੇਂਦਰੀ ਮੰਤਰੀ ਰਾਮਦਾਸ ਆਠਵਲੇ ਲੜਨਗੇ। ਇਸ ਲਈ ਰਾਮਦਾਸ ਆਠਵਲੇ ਅੱਜ ਬਾਅਦ ਦੁਪਿਹਰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮਿਲਣ ਵਾਲੇ ਹਨ। ਆਠਵਲੇ ਨੇ ਮੁੰਬਈ ਪੁਲਸ ਤੋਂ ਨਿਰਦੇਸ਼ਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਅਠਾਵਲੇ ਨੇ ਕਿਹਾ, 'ਮੁੰਬਈ ਪੁਲਸ ਅਨੁਰਾਗ ਕਸ਼ਅਪ ਨੂੰ ਗ੍ਰਿਫ਼ਤਾਰ ਕਰੇ, ਨਹੀਂ ਤਾਂ ਅਸੀਂ ਧਰਨੇ 'ਤੇ ਬੈਠਾਂਗੇ।' ਮੰਤਰੀ ਦਾ ਸਮਰਥਨ ਮਿਲਣ 'ਤੇ ਅਦਾਕਾਰਾ ਨੇ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਧੰਨਵਾਦ ਕੀਤਾ।
ਅਨੁਰਾਗ ਕਸ਼ਅਪ ਖਿਲਾਫ਼ ਦਰਜ ਹੈ ਐੱਫ. ਆਈ. ਆਰ
ਅਦਾਕਾਰਾ ਨੇ ਪਿਛਲੇ ਹਫ਼ਤੇ ਫ਼ਿਲਮਕਾਰ ਅਨੁਰਾਗ ਕਸ਼ਅਪ ਖ਼ਿਲਾਫ਼ ਵਰਸੋਵਾ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਵਾਈ ਹੈ। ਐੱਫ. ਆਈ. ਆਰ. 'ਚ ਕਸ਼ਅਪ ਖ਼ਿਲਾਫ਼ ਦੋਸ਼ਾਂ 'ਚ ਰੇਪ, ਗਲਤ ਇਰਾਦੇ ਨਾਲ ਰੋਕਣ ਅਤੇ ਮਹਿਲਾ ਦਾ ਅਪਮਾਨ ਕਰਨਾ ਸ਼ਾਮਲ ਹੈ। ਦੋਸ਼ ਹੈ ਕਿ ਸਾਲ 2014 'ਚ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਨੁਰਾਗ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਨੁਰਾਗ ਕਸ਼ਅਪ ਖ਼ਿਲਾਫ਼ ਆਈ. ਪੀ. ਸੀ. ਦੇ ਸੈਕਸ਼ਨ 376-1 (ਬਲਾਤਕਾਰ/ਰੇਪ), 354 (ਮਹਿਲਾ ਦੀ ਮਰਿਆਦਾ ਭੰਗ ਕਰਨ ਦੀ ਇੱਛਾ ਨਾਲ ਤਾਕਤ ਦਾ ਇਸਤੇਮਾਲ ਕਰਨਾ), 341 ਤੇ 342 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਡੀ. ਸੀ. ਪੀ. ਮੰਜੂਨਾਥ ਸਿੰਗੇ ਨੇ ਐੱਫ. ਆਈ. ਆਰ. ਦਰਜ ਹੋਣ ਦੀ ਪੁਸ਼ਟੀ ਕੀਤੀ।