ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਬਣੀ ‘ਮਿਸ ਵਰਲਡ’ 2021, ਭਾਰਤੀ ਮੁਕਾਬਲੇਬਾਜ਼ ਰਹੀ 11ਵੇਂ ਸਥਾਨ ’ਤੇ
Thursday, Mar 17, 2022 - 02:23 PM (IST)

ਲਾਸ ਏਂਜਲਸ (ਬਿਊਰੋ)– ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਨੇ ‘ਮਿਸ ਵਰਲਡ’ 2021 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਦੀ ਮਨਸਾ ਵਾਰਾਣਸੀ ਮੁਕਾਬਲੇ ’ਚ 11ਵੇਂ ਨੰਬਰ ’ਤੇ ਰਹੀ। ਪੁਰਤੋ ਰਿਕੋ ਦੇ ਕੋਕਾ-ਕੋਲਾ ਮਿਊਜ਼ਿਕ ਹਾਲ ’ਚ ‘ਮਿਸ ਵਰਲਡ’ ਦੇ 70ਵੇਂ ਐਡੀਸ਼ਨ ਦਾ ਆਯੋਜਨ ਬੁੱਧਵਾਰ ਨੂੰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
‘ਮਿਸ ਵਰਲਡ’ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਬਿਲਾਵਸਕਾ ਨੂੰ 2020 ਦੀ ਜੇਤੂ ਜਮੈਕਾ ਦੀ ਟੋਨੀ-ਐੱਨ ਸਿੰਘ ਨੇ ਤਾਜ ਪਹਿਨਾਇਆ। ਬਿਲਾਵਸਕਾ ਨੇ ‘ਮਿਸ ਵਰਲਡ’ 2021 ਦਾ ਤਾਜ ਆਪਣੇ ਨਾਂ ਕਰਨ ਤੋਂ ਬਾਅਦ ਕਿਹਾ, ‘ਮੈਂ ਜਦੋਂ ਆਪਣਾ ਨਾਂ ਸੁਣਿਆ ਤਾਂ ਸੁੰਨ ਰਹਿ ਗਈ। ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈ। ਮੈਂ ਮਿਸ ਵਰਲਡ ਦਾ ਤਾਜ ਪਹਿਨ ਕੇ ਮਾਣ ਮਹਿਸੂਸ ਕਰ ਰਹੀ ਹਾਂ।’
ਬਿਲਾਵਸਕਾ ਨੇ ਅੱਗੇ ਕਿਹਾ, ‘ਮੈਂ ਪੁਰਤੋ ਰਿਕੋ ’ਚ ਬਤੀਤ ਇਨ੍ਹਾਂ ਸ਼ਾਨਦਾਰ ਦਿਨਾਂ ਨੂੰ ਜ਼ਿੰਦਗੀ ਭਰ ਯਾਦ ਰੱਖਾਂਗੀ।’ ਪੋਲੈਂਡ ਨੇ ਦੂਜੀ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ 1989 ’ਚ ਏਨੇਤਾ ਕ੍ਰੇਗਲਿਕਾ ਨੇ ਦੇਸ਼ ਲਈ ‘ਮਿਸ ਵਰਲਡ’ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ।
ਭਾਰਤੀ-ਅਮਰੀਕੀ ‘ਮਿਸ ਯੂ. ਐੱਸ. ਏ.’ ਸ਼੍ਰੀ ਸੈਣੀ ਮੁਕਾਬਲੇ ’ਚ ਦੂਜੇ ਨੰਬਰ ’ਤੇ ਤੇ ਕੋਟੇ ਡੀ ਆਇਵਰ ਦੀ ਓਲੀਵੀਆ ਯੇਸ ਤੀਜੇ ਨੰਬਰ ’ਤੇ ਰਹੀ। ‘ਮਿਸ ਵਰਲਡ’ 2021 ਦਾ ਆਯੋਜਨ 16 ਦਸੰਬਰ 2021 ਨੂੰ ਕੀਤਾ ਜਾਣਾ ਸੀ ਪਰ ਮਨਸਾ ਵਾਰਾਣਸੀ ਤੇ 16 ਹੋਰ ਮੁਕਾਬਲੇਬਾਜ਼ਾਂ ਦੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਮੁਕਾਬਲੇ ਦਾ 100 ਤੋਂ ਵੱਧ ਦੇਸ਼ਾਂ ’ਚ ਪ੍ਰਸਾਰਣ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।