ਮੀਕਾ ਸਿੰਘ ਦਾ ਗੀਤ ‘ਕੁੱਤਾ’ ਹੋ ਰਿਹੈ ਖ਼ੂਬ ਵਾਇਰਲ, ਕੇ.ਆਰ.ਕੇ.ਨੇ ਆਖੀ ਇਹ ਗੱਲ

Sunday, Jun 13, 2021 - 11:37 AM (IST)

ਮੀਕਾ ਸਿੰਘ ਦਾ ਗੀਤ ‘ਕੁੱਤਾ’ ਹੋ ਰਿਹੈ ਖ਼ੂਬ ਵਾਇਰਲ, ਕੇ.ਆਰ.ਕੇ.ਨੇ ਆਖੀ ਇਹ ਗੱਲ

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਤੇ ਅਦਾਕਾਰ ਕਮਾਲ ਆਰ. ਖ਼ਾਨ ਵਿਚਾਲੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਜੰਗ ਹੁਣ ਕਾਫ਼ੀ ਤਿੱਖੀ ਹੋ ਗਈ ਹੈ। ਇਸ ਨਾਲ ਲੋਕਾਂ ਦੀ ਦਿਲਚਸਪੀ ਵੀ ਇਸ ਜੰਗ ਵਿੱਚ ਵਧ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਮੀਕਾ ਸਿੰਘ ਤੇ ਕੇ.ਆਰ.ਕੇ ਵਿਚਾਲੇ ਹੋਣ ਵਾਲੀ ਤਕਰਾਰ ਵੇਖ ਕੇ ਆਨੰਦ ਆਉਣ ਲੱਗ ਪਿਆ ਹੈ।
ਮੀਕਾ ਸਿੰਘ ਨੇ ਆਪਣੇ ਵਾਅਦੇ ਅਨੁਸਾਰ ਆਪਣਾ ਨਵਾਂ ਗੀਤ ‘ਕੁੱਤਾ’ ਸੋਸ਼ਲ ਮੀਡੀਆ ’ਤੇ ਸ਼ੁੱਕਰਵਾਰ ਨੂੰ ਰਿਲੀਜ਼ ਕਰ ਦਿੱਤਾ ਹੈ। ਇਹ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਇਹ ਗੀਤ ਸ਼ਰੇਆਮ ਕੇ.ਆਰ.ਕੇ ਨੂੰ ਸਮਰਪਿਤ ਕੀਤਾ ਹੈ ਅਤੇ ਉਸ ਨੂੰ ਮੀਕਾ ਸਿੰਘ ਨੇ ਇੱਕ ਕੁੱਤੇ ਦੀ ਤਸਵੀਰ ਉੱਤੇ ਕਮਾਲ ਆਰ ਖ਼ਾਨ ਦੀ ਤਸਵੀਰ ਲਾ ਕੇ ਪੇਸ਼ ਕੀਤਾ ਹੈ। ਇਹ ਸਭ ਵੇਖ ਕੇ ਕਮਾਲ ਖ਼ਾਨ ਕਾਫ਼ੀ ਤੜਪਿਆ ਹੈ ਅਤੇ ਧਮਕੀ ਦਿੱਤੀ ਹੈ ਕਿ ਹੁਣ ਮੇਰੀਆਂ ਅਗਲੀਆਂ ਵੀਡੀਓਜ਼ ਵੇਖਣ ਲਈ ਤਿਆਰ ਰਹੋ। ਇਸ ਮਾਮਲੇ ਦਾ ਇੱਥੇ ਹੋਰ ਦਿਲਚਸਪ ਪੱਖ ਇਹ ਵੀ ਹੈ ਕਿ ਮੀਕਾ ਸਿੰਘ ਦੇ ਇਸ ਗੀਤ ਵਿੱਚ ਮਰਹੂਮ ਪੰਜਾਬੀ ਭਲਵਾਨ ਅਤੇ ਬਾਲੀਵੁੱਡ ਦੇ ਅਦਾਕਾਰ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਦੇ ਵੀ ਕੁਝ ਸ਼ੌਟਸ ਹਨ। ਇਹ ਗੀਤ ਪੂਰੀ ਦਿਲ ਖਿੱਚਵੀਂ ਲੈਅ-ਤਾਲ ਨਾਲ ਅੱਗੇ ਵਧਦਾ ਹੈ।


ਇਸ ਵਿੱਚ ਮੀਕਾ ਸਿੰਘ ਦੇ ਪਿੱਛੇ ਆਮ ਲੋਕਾਂ, ਦੁਕਾਨਦਾਰਾਂ, ਨੌਜਵਾਨਾਂ, ਬਜ਼ੁਰਗਾਂ ਨੂੰ ‘ਕੁੱਤਾ-ਕੁੱਤਾ’ ਆਖਦਿਆਂ ਵਿਖਾਇਆ ਗਿਆ ਹੈ। ਵਾਰ-ਵਾਰ ਕੇ.ਆਰ.ਕੇ ਦੀਆਂ ਤਸਵੀਰਾਂ ਵੀ ਵਿਖਾਈਆਂ ਗਈਆਂ ਹਨ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਕੇ.ਆਰ.ਕੇ ਨੇ ਕੁਝ ਦਿਨ ਪਹਿਲਾਂ ਮੀਕਾ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਇਹ ‘ਕੁੱਤਾ’ ਗੀਤ ਰਿਲੀਜ਼ ਕਰ ਕੇ ਵਿਖਾਵੇ। ਕੇ.ਆਰ.ਕੇ ਨੇ ਇਸ਼ਾਰਾ ਦਿੱਤਾ ਸੀ ਕਿ ਜੇ ਉਸ ਵਿਰੁੱਧ ਇਹ ਗੀਤ ਰਿਲੀਜ਼ ਕੀਤਾ ਗਿਆ ਤਾਂ ਉਹ ਮੀਕਾ ਸਿੰਘ ਵਿਰੁੱਧ ਅਦਾਲਤ ’ਚ ਜਾਵੇਗਾ। ਦਰਅਸਲ ਸ਼ੁੱਕਰਵਾਰ ਦੇਰ ਸ਼ਾਮੀਂ ਇਹ ਗੀਤ ਯੂ-ਟਿਊਬ ਉੱਤੇ ਰਿਲੀਜ਼ ਕਰਨ ਤੋਂ ਦੋ ਕੁ ਦਿਨ ਪਹਿਲਾਂ ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਸੀ ਅਤੇ ਉਸੇ ਉੱਤੇ ਕੇ.ਆਰ.ਕੇ ਨੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਸੀ।
ਮੀਕਾ ਸਿੰਘ ਨੇ ਕੋਈ ਪ੍ਰਵਾਹ ਨਹੀਂ ਕੀਤੀ; ਉਨ੍ਹਾਂ ਨੇ ਇਹ ਗੀਤ ਨਿਧੜਕ ਹੋ ਕੇ ਰਿਲੀਜ਼ ਕੀਤਾ ਹੈ ਅਤੇ ਬਾਕਾਇਦਾ ਕੇ.ਆਰ.ਕੇ ਦੀਆਂ ਤਸਵੀਰਾਂ ਅਤੇ ਵੀਡੀਓ-ਕਲਿਪਿੰਗਜ਼ ਵੀ ਉਸ ਗੀਤ ਵਿੱਚ ਸ਼ਾਮਲ ਕੀਤੀਆਂ ਹਨ। ਮੀਕਾ ਸਿੰਘ ਨੇ ਆਪਣੇ ਇਸ ਗੀਤ ‘ਮੋਸਟ ਅਵੇਟਡ ਸੌਂਗ ਆੱਫ਼ ਦਿ ਈਅਰ’ (ਸਾਲ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਗੀਤ) ਦੱਸਦਿਆਂ ਕੇ.ਆਰ.ਕੇ ਨੂੰ ਇਸ ਗੀਤ ਦਾ ਸਹੀ–ਸਹੀ ਰੀਵਿਊ ਕਰਨ ਦਾ ਵਿਅੰਗ ਵੀ ਕੱਸਿਆ ਹੈ।


author

Aarti dhillon

Content Editor

Related News