ਪੰਜਾਬ ਦੇ ਕਲਾਕਾਰਾਂ ਨੇ ਸੱਭਿਆਚਾਰਕ ਮੰਤਰੀ ਚਰਨਜੀਤ ਚੰਨੀ ਨੂੰ ਸੌਂਪਿਆ ਮੈਮੋਰੰਡਮ
Sunday, Jun 28, 2020 - 01:16 PM (IST)
ਜਲੰਧਰ, (ਸੋਮ)–ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਸਮੁੱਚੇ ਦੇਸ਼ ਅੰਦਰ ਸਾਰੇ ਕੰਮਕਾਰ ਠੱਪ ਚੱਲ ਰਹੇ ਹਨ। ਇਸਦਾ ਅਸਰ ਕਲਾਕਾਰਾਂ ’ਤੇ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਪੰਜਾਬੀ ਕਲਾਕਾਰਾਂ ਵਲੋਂ ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਪਾਲੀ ਦੇਵਤਾਲੀਆ ਅਤੇ ਬਿੱਟੂ ਖੰਨੇਵਾਲਾ ਦੀ ਸਾਂਝੀ ਅਗਵਾਈ ਵਿੱਚ ਪੰਜਾਬ ਦੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੈਮੋਰੰਡਮ ਸੌਂਪਿਆ ਗਿਆ, ਜਿਸ ਵਿੱਚ ਕਲਾਕਾਰਾਂ ਵਲੋਂ ਸਰਕਾਰ ਤੋਂ ਪ੍ਰੋਗਰਾਮ ਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਮੰਗ ਕੀਤੀ ਤੇ ਸਮੁੱਚੇ ਕਲਾਕਾਰ ਭਾਈਚਾਰੇ ਵਲੋਂ ਸਿਹਤ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਸਰਕਾਰ ਤੋਂ ਮੰਗ ਕਰਦਿਆਂ ਪੰਜਾਬੀ ਕਲਾਕਾਰਾਂ ਨੇ 60 ਸਾਲ ਤੋਂ ਉੱਪਰ ਦੇ ਕਲਾਕਾਰਾਂ ਨੂੰ 5000 ਰੁਪਏ ਮਹੀਨੇ ਦੀ ਪੈਨਸ਼ਨ ਤੇ ਹੋਰਾਂ ਕਲਾਕਾਰਾਂ ਦੀ ਵਿੱਤੀ ਸਹਾਇਤਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਕਲਾਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਲਾਕਾਰਾਂ ਵਾਸਤੇ ਇੱਕ ਆਰਥਿਕ ਨੀਤੀ ਵੀ ਬਣਾਈ ਜਾਵੇ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੂੰ ਮੈਮੋਰੰਡਮ ਦੇਣ ਮੌਕੇ ਸੁਰਿੰਦਰ ਛਿੰਦਾ, ਆਤਮਾ ਬੁੱਢੇਵਾਲੀਆ, ਹੁਸ਼ਿਆਰ ਮਾਹੀ, ਬਲਵੀਰ ਰਾਏ, ਜੱਸੀ ਲੌਂਗੋਵਾਲੀਆ, ਭੁਪਿੰਦਰ ਬਿੱਲਾ, ਗੋਰਾ ਚੱਕਵਾਲਾ, ਬਲਕਾਰ ਅਣਖੀਲਾ, ਸ਼ਰੀਫ ਦਿਲਦਾਰ, ਲਵਜੀਤ, ਹਸਨ ਅਲੀ, ਗੈਰੀ ਢਿੱਲੋਂ, ਅਲੀ ਬ੍ਰਦਰਜ਼, ਨਿਰਮਲ ਸਿੱਧੂ, ਭੁਪਿੰਦਰ ਗਿੱਲ, ਹਰਪਾਲ ਠੱਠੇਵਾਲ, ਕੁਲਦੀਪ ਰੰਧਾਵਾ, ਸੁਰਿੰਦਰ ਫਰਿਸ਼ਤਾ, ਪ੍ਰਿੰਸ ਰੰਧਾਵਾ, ਸ਼ੇਰਾ ਬੋਹੜ ਵਾਲੀਆ, ਲਲਿਤ, ਮਾਸਟਰ ਸਲੀਮ, ਸੱਤੀ ਖੋਖੇਵਾਲੀਆ, ਬਲਰਾਜ, ਬੂਟਾ ਮੁਹੰਮਦ, ਫਿਰੋਜ਼ ਖਾਨ, ਭੁਪਿੰਦਰ ਬੱਬਲ, ਭੱਟੀ ਭੜੀ ਵਾਲਾ ਆਦਿ ਕਲਾਕਾਰ ਹਾਜ਼ਰ ਹੋਏ। ਇਸ ਮੌਕੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੀ ਹਾਜ਼ਰ ਸਨ।