ਮਾਰਚ ਮਹੀਨੇ ਬਾਲੀਵੁੱਡ ਦਾ ਵੱਡਾ ਦਾਅ, ਕੀ ‘ਭੋਲਾ’ ਬਣੇਗੀ ਅਗਲੀ ਬਲਾਕਬਸਟਰ ਹਿੱਟ?
Tuesday, Feb 28, 2023 - 11:45 AM (IST)
ਮੁੰਬਈ (ਬਿਊਰੋ)– 2023 ਦੀ ਸ਼ੁਰੂਆਤ ’ਚ ‘ਪਠਾਨ’ ਨੇ ਬਾਕਸ ਆਫਿਸ ’ਤੇ ਅਜਿਹੀ ਸੁਨਾਮੀ ਮਚਾਈ ਕਿ ਲੰਬੇ ਸਮੇਂ ਤੋਂ ਖਾਮੋਸ਼ ਰਹੇ ਬਾਕਸ ਆਫਿਸ ’ਤੇ ਜਾਨ ਆ ਗਈ ਪਰ ਇਸ ਤੋਂ ਬਾਅਦ ਕੀ ਹੋਇਆ? ‘ਪਠਾਨ’ ਤੋਂ ਬਾਅਦ ਆਈਆਂ ਸਾਰੀਆਂ ਹਿੰਦੀ ਫ਼ਿਲਮਾਂ ਫਲਾਪ ਰਹੀਆਂ। ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਤੇ ਅਕਸ਼ੇ ਕੁਮਾਰ-ਇਮਰਾਨ ਹਾਸ਼ਮੀ ਦੀ ‘ਸੈਲਫੀ’ ਵੀ ਫਲਾਪ ਰਹੀਆਂ।
ਦੋਵੇਂ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਸਨ। ਇਹ ਫ਼ਿਲਮਾਂ ਨਾ ਤਾਂ ਆਲੋਚਕਾਂ ਦਾ ਦਿਲ ਜਿੱਤ ਸਕੀਆਂ ਤੇ ਨਾ ਹੀ ਦਰਸ਼ਕਾਂ ਦਾ। ਦਰਸ਼ਕਾਂ ਦੀਆਂ ਨਜ਼ਰਾਂ ਹੁਣ ਮਾਰਚ ’ਚ ਰਿਲੀਜ਼ ਹੋਣ ਵਾਲੀਆਂ 4 ਵੱਡੀਆਂ ਫ਼ਿਲਮਾਂ ’ਤੇ ਟਿਕੀਆਂ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ 8 ਘੰਟੇ ਕੰਮ ਕਰਦੀ ਹੈ ਕੰਗਨਾ ਰਣੌਤ ਦੀ ਮਾਂ, ਅਦਾਕਾਰਾ ਨੇ ਲਿਖਿਆ, ‘ਲੋਕਾਂ ਨੂੰ ਸਮਝਣਾ ਚਾਹੀਦਾ...’
ਇਨ੍ਹਾਂ ਚਾਰ ਫ਼ਿਲਮਾਂ ’ਚੋਂ ਪ੍ਰਸ਼ੰਸਕਾਂ ਨੂੰ ਅਜੇ ਦੇਵਗਨ ਦੀ ‘ਭੋਲਾ’ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਹੈ। 30 ਮਾਰਚ ਨੂੰ ਸਿਲਵਰ ਸਕ੍ਰੀਨ ’ਤੇ ਆਉਣ ਵਾਲੀ ਫ਼ਿਲਮ ‘ਭੋਲਾ’ ’ਚ ਅਜੇ ਦੇਵਗਨ ਦਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਟਰੈਂਡ ਐਨਾਲਿਸਟ ਦਾ ਅਨੁਮਾਨ ਹੈ ਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰੇਗੀ। ‘ਦ੍ਰਿਸ਼ਯਮ 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅਜੇ ਦੀਆਂ ਫ਼ਿਲਮਾਂ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਹੈ।
ਰਣਬੀਰ ਕਪੂਰ ਤੇ ਸ਼ਰਧਾ ਕਪੂਰ ਮਹੀਨੇ ਦੀ ਸ਼ੁਰੂਆਤ ’ਚ ‘ਤੂੰ ਝੂਠੀ ਮੈਂ ਮੱਕਾਰ’ ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਦੋਵੇਂ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ ਪਰ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕੋਈ ਖ਼ਾਸ ਚਰਚਾ ਨਹੀਂ ਹੈ। ਨਾ ਤਾਂ ਫ਼ਿਲਮ ਦੇ ਗੀਤ ਤੇ ਨਾ ਹੀ ਇਸ ਦਾ ਟਰੇਲਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਸਕਿਆ ਹੈ। ‘ਤੂੰ ਝੂਠੀ ਮੈਂ ਮੱਕਾਰ’ ਤੋਂ ਬਾਅਦ ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ 17 ਮਾਰਚ ਨੂੰ ਰਿਲੀਜ਼ ਹੋਵੇਗੀ। ਜਦੋਂ ਤੋਂ ਰਾਣੀ ਮੁਖਰਜੀ ਦੀ ਫ਼ਿਲਮ ਦਾ ਟਰੇਲਰ ਸਾਹਮਣੇ ਆਇਆ ਹੈ, ਲੋਕ ਰਾਣੀ ਦੇ ਫੈਨ ਹੋ ਗਏ ਹਨ। ਉਸ ਨੇ ਬਹੁਤ ਵਧੀਆ ਅਦਾਕਾਰੀ ਕੀਤੀ ਹੈ। ਰਾਣੀ ਦੀ ਫ਼ਿਲਮ ਤੋਂ ਬਾਕਸ ਆਫਿਸ ’ਤੇ ਚੰਗੀ ਕਮਾਈ ਕਰਨ ਦੀ ਉਮੀਦ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ 17 ਮਾਰਚ ਨੂੰ ਹੀ ਰਿਲੀਜ਼ ਹੋਵੇਗੀ। ਦੋਵਾਂ ਫ਼ਿਲਮਾਂ ਵਿਚਾਲੇ ਚੰਗਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੋਵਾਂ ਦੀ ਸਮੱਗਰੀ ਵਿਲੱਖਣ ਹੈ।
ਇਹ ਖ਼ਬਰ ਵੀ ਪੜ੍ਹੋ : ਕੁਲਵਿੰਦਰ ਕੈਲੀ ਨੇ ਪਤਨੀ ਗੁਰਲੇਜ ਅਖ਼ਤਰ ਤੇ ਧੀ ਦਾ ਕੀਤਾ ਯਾਦਗਾਰ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ
ਫਿਰ 30 ਮਾਰਚ ਨੂੰ ਅਜੇ ਦੇਵਗਨ ਆਪਣੇ ‘ਭੋਲਾ’ ਨੂੰ ਲੈ ਕੇ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਅਜੇ ਦੇਵਗਨ ਨੇ ਕੀਤਾ ਹੈ। ਇਹ ਫ਼ਿਲਮ ਦੱਖਣ ਦੀ ਫ਼ਿਲਮ ‘ਕੈਥੀ’ ਦੀ ਰੀਮੇਕ ਹੈ। ‘ਕੈਥੀ’ ਸੁਪਰ ਡੁਪਰ ਹਿੱਟ ਰਹੀ ਸੀ। ‘ਭੋਲਾ’ ’ਚ ਅਜੇ ਦੇਵਗਨ ਦੀ ਲੱਕੀ ਚਾਰਮ ਤੱਬੂ ਨਜ਼ਰ ਆਵੇਗੀ। ਦੋਵਾਂ ਦੀਆਂ ਇਕੱਠੇ ਕੀਤੀਆਂ ਫ਼ਿਲਮਾਂ ਨੇ ਧਮਾਲ ਮਚਾ ਦਿੱਤਾ ਹੈ। ਭੋਲਾ ਦੇ ਟਰੇਲਰ ਤੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ’ਚ ਅਜੇ ਦੇਵਗਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲੇਗਾ। ਫ਼ਿਲਮ ਨੂੰ ਰਿਲੀਜ਼ ਤੋਂ ਮਿਲ ਰਿਹਾ ਹੁੰਗਾਰਾ ਦੇਖ ਕੇ ਲੱਗਦਾ ਹੈ ਕਿ ‘ਪਠਾਨ’ ਤੋਂ ਬਾਅਦ ਅਜੇ ਹੀ ਬਾਕਸ ਆਫਿਸ ’ਤੇ ਸੁਨਾਮੀ ਲਿਆਉਣ ਵਾਲੇ ਹਨ।
‘ਭੋਲਾ’ ਦਾ ਬਜਟ 100 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਜਿਹੀਆਂ ਭਵਿੱਖਬਾਣੀਆਂ ਹਨ ਕਿ ‘ਭੋਲਾ’ ਭਾਰਤੀ ਬਾਕਸ ਆਫਿਸ ’ਤੇ 150 ਕਰੋੜ ਦੀ ਕਮਾਈ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਗਲੋਬਲ ਬਾਕਸ ਆਫਿਸ ’ਤੇ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇਗੀ। ਐਕਸ਼ਨ ਥ੍ਰਿਲਰ ਨੂੰ ਲੈ ਕੇ ਕੀਤੀ ਗਈ ਇਹ ਭਵਿੱਖਬਾਣੀ ਕਿੰਨੀ ਸਹੀ ਹੈ। ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।