ਕਈ ਫਿਲਮੀ ਹਸਤੀਆਂ ED ਦੇ ਨਿਸ਼ਾਨੇ ''ਤੇ, ਹੁਣ ਤਕ ਜਾਂਚ ''ਚ ਜ਼ਬਤ ਹੋ ਚੁੱਕੇ 3.55 ਕਰੋੜ

Friday, Dec 20, 2024 - 01:39 PM (IST)

ਕਈ ਫਿਲਮੀ ਹਸਤੀਆਂ ED ਦੇ ਨਿਸ਼ਾਨੇ ''ਤੇ, ਹੁਣ ਤਕ ਜਾਂਚ ''ਚ ਜ਼ਬਤ ਹੋ ਚੁੱਕੇ 3.55 ਕਰੋੜ

ਜਲੰਧਰ (ਵਿਸ਼ੇਸ਼) – ਹੁਣੇ ਜਿਹੇ ਚਰਚਾ ਵਿਚ ਆਈ ਮਹਾਦੇਵ ਬੈਟਿੰਗ ਐਪ ਸਬੰਧੀ ਸੀ. ਬੀ. ਆਈ. ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਚਾਲੇ ਭਾਰਤ ਵਿਚ ਚੱਲ ਰਹੀ ਇਕ ਹੋਰ ਐਪ ਈ. ਡੀ. ਦੇ ਸ਼ਿਕੰਜੇ ਵਿਚ ਫਸ ਗਈ ਹੈ, ਜਿਸ ਵਿਚ 2 ਖਾਸ ਗੱਲਾਂ ਸਾਹਮਣੇ ਆਈਆਂ ਹਨ। ਇਕ ਤਾਂ ਇਹ ਕਿ ਇਸ ਬੈਟਿੰਗ ਐਪ ਦੇ ਲਿੰਕ ਪਾਕਿਸਤਾਨ ਨਾਲ ਜੁੜੇ ਹੋਏ ਹਨ ਅਤੇ ਦੂਜੀ ਇਹ ਕਿ ਕਈ ਭਾਰਤੀ ਸੈਲੀਬ੍ਰਿਟੀਜ਼ ਇਸ ਪਾਕਿਸਤਾਨੀ ਐਪ ਨੂੰ ਪ੍ਰਮੋਟ ਕਰ ਰਹੀਆਂ ਹਨ। ਈ. ਡੀ. ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਅਤੇ ਸੈਲੀਬ੍ਰਿਟੀਜ਼ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ।

‘ਮੈਜਿਕ ਵਿਨ’ ਨਾਂ ਨਾਲ ਸੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਪ੍ਰਮੋਸ਼ਨ–
ਜਾਣਕਾਰੀ ਮੁਤਾਬਕ ‘ਮੈਜਿਕ ਵਿਨ’ ਨਾਂ ਦੀ ਇਸ ਐਪ ਦੇ ਮਾਮਲੇ ਵਿਚ ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਭਾਰਤ ਤੋਂ ਇਸ ਐਪ ਲਈ ਦੁਬਈ ਦੇ ਰਸਤਿਓਂ ਕਾਫੀ ਪੈਸਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ।
‘ਮੈਜਿਕ ਵਿਨ’ ਇਕ ਸੱਟੇਬਾਜ਼ੀ ਵੈੱਬਸਾਈਟ ਹੈ, ਜਿਸ ਨੂੰ ਗੇਮਿੰਗ ਵੈੱਬਸਾਈਟ ਵਜੋਂ ਵਿਖਾਇਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਦੁਬਈ ’ਚ ਬੈਠਾ ਇਕ ਭਾਰਤੀ ਇਸ ਨੂੰ ਚਲਾ ਰਿਹਾ ਹੈ। ਇਸ ਐਪ ਨੂੰ ਭਾਰਤ ਦੇ ਨਾਲ-ਨਾਲ ਫਿਲੀਪੀਨਜ਼ ਤੇ ਹੋਰ ਦੇਸ਼ਾਂ ਵਿਚ ਵੀ ਚਲਾਇਆ ਜਾ ਰਿਹਾ ਹੈ। ਐਪ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ’ਤੇ ‘ਮੈਜਿਕ ਵਿਨ’ ਦੇ ਨਾਂ ਨਾਲ ਕਈ ਅਕਾਊਂਟ ਬਣਾਏ ਗਏ ਹਨ, ਜਿੱਥੇ ਧੜੱਲੇ ਨਾਲ ਇਸ ਦੀ ਪ੍ਰਮੋਸ਼ਨ ਹੋ ਰਹੀ ਹੈ।

ਹੁਣ ਤਕ ਜਾਂਚ ’ਚ ਜ਼ਬਤ ਹੋ ਚੁੱਕੇ ਹਨ 3.55 ਕਰੋੜ ਰੁਪਏ–
‘ਮੈਜਿਕ ਵਿਨ’ ਐਪ ਬਾਰੇ ਈ. ਡੀ. ਨੂੰ ਕੁਝ ਸਮਾਂ ਪਹਿਲਾਂ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਗਈ। ਇਸ ਸਬੰਧੀ ਅਹਿਮਦਾਬਾਦ ਪੁਲਸ ਵੱਲੋਂ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਡੂੰਘੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਇਸ ਐਪ ਦੇ ਕੁਨੈਕਸ਼ਨ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਸ ਕਾਰਨ ਈ. ਡੀ. ਹੋਰ ਗੰਭੀਰ ਹੋ ਗਈ ਹੈ। ਈ. ਡੀ. ਨੇ ਪਿਛਲੇ ਕੁਝ ਸਮੇਂ ’ਚ ਦੇਸ਼ ਭਰ ਵਿਚ ਇਸ ਸਬੰਧੀ 67 ਥਾਵਾਂ ’ਤੇ ਛਾਪੇ ਮਾਰੇ ਹਨ। ਦਿੱਲੀ, ਮੁੰਬਈ ਤੇ ਪੁਣੇ ’ਚ ‘ਮੈਜਿਕ ਵਿਨ’ ਨਾਲ ਜੁੜੇ ਲੱਗਭਗ 2 ਦਰਜਨ ਲੋਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਈ. ਡੀ. ਵੱਲੋਂ ਇਸ ਮਾਮਲੇ ’ਚ ਹੁਣ ਤਕ 3.55 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'

ਪਾਕਿ ਨਾਲ ਲਿੰਕ ਦਾ ਪਤਾ ਲਾ ਰਹੀ ਹੈ ਜਾਂਚ ਏਜੰਸੀ–
ਜਾਣਕਾਰੀ ਮੁਤਾਬਕ ਇਸ ਐਪ ’ਚ ਪੈਸੇ ਕਮਾਉਣ ਲਈ ਜਿਨ੍ਹਾਂ ਲੋਕਾਂ ਨੇ ਨਿਵੇਸ਼ ਕੀਤਾ ਹੈ ਅਤੇ ਜਿਹੜੇ ਜਿੱਤੇ ਹਨ, ਉਨ੍ਹਾਂ ਨੂੰ ਫਰਜ਼ੀ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਰਾਹੀਂ ਪੈਸਾ ਟਰਾਂਸਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਰਕਮ ਦੀ ਵਰਤੋਂ ‘ਕ੍ਰਿਪਟੋ ਕੁਆਇਨਸ’ ’ਚ ਨਿਵੇਸ਼ ਕਰਨ ’ਚ ਕੀਤੀ ਗਈ ਹੈ। ਇਸ ਵਿਚੋਂ ਕਾਫੀ ਪੈਸਾ ਪਾਕਿਸਤਾਨ ਨੂੰ ਵੀ ਭੇਜਿਆ ਗਿਆ ਹੈ। ਈ. ਡੀ. ਇਸ ਮਾਮਲੇ ’ਚ ਹੁਣ ਇਹ ਪਤਾ ਲਾ ਰਹੀ ਹੈ ਕਿ ਆਖਰ ਇਹ ਪੈਸਾ ਕਿਨ੍ਹਾਂ ਖਾਤਿਆਂ ਵਿਚੋਂ ਨਿਕਲ ਕੇ ਪਾਕਿਸਤਾਨ ’ਚ ਗਿਆ।

ਕਈ ਫਿਲਮੀ ਹਸਤੀਆਂ ਈ. ਡੀ. ਦੇ ਨਿਸ਼ਾਨੇ ’ਤੇ–
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਨਾਲ ਜੁੜੀ ਇਸ ਸੱਟੇਬਾਜ਼ੀ ਐਪ ਨੂੰ ਭਾਰਤ ਵਿਚ ਪ੍ਰਮੋਟ ਕਰਨ ਲਈ ਕਈ ਭਾਰਤੀ ਫਿਲਮੀ ਹਸਤੀਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਈ. ਡੀ. ਵੱਲੋਂ ਇਸ ਸਬੰਧੀ ਸੈਲੀਬ੍ਰਿਟੀਜ਼ ਦੀ ਇਕ ਲੰਮੀ-ਚੌੜੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿਚੋਂ 2 ਅਭਿਨੇਤਰੀਆਂ ਮੱਲਿਕਾ ਸ਼ੇਰਾਵਤ ਤੇ ਟੀ. ਵੀ. ਕਲਾਕਾਰ ਪੂਜਾ ਬੈਨਰਜੀ ਨੂੰ ਤਲਬ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵੱਲੋਂ ਈ. ਡੀ. ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ। ਹੁਣ ਪਤਾ ਲੱਗਾ ਹੈ ਕਿ ਇਸ ਸਬੰਧੀ ਬਾਕੀ ਸੈਲੀਬ੍ਰਿਟੀਜ਼ ਨੂੰ ਵੀ ਅਗਲੇ ਇਕ-ਦੋ ਦਿਨਾਂ ’ਚ ਈ. ਡੀ. ਵੱਲੋਂ ਬੁਲਾਇਆ ਜਾ ਸਕਦਾ ਹੈ।

‘ਮੈਜਿਕ ਵਿਨ’ ਨੇ ਬਿਨਾਂ ਪ੍ਰਵਾਨਗੀ ਦੇ ਪ੍ਰਸਾਰਤ ਕੀਤਾ ਸੀ ਟੀ-20 ਵਰਲਡ ਕੱਪ–
ਇਹ ਵੀ ਪਤਾ ਲੱਗਾ ਹੈ ਕਿ ‘ਮੈਜਿਕ ਵਿਨ’ ਐਪ ਵਿਚ ਆਈ. ਸੀ. ਸੀ. ਟੀ-20 ਵਰਲਡ ਕੱਪ ਦੇ ਮੈਚ ਬਿਨਾਂ ਪ੍ਰਵਾਨਗੀ ਦੇ ਪ੍ਰਸਾਰਤ ਕੀਤੇ ਗਏ ਸਨ। ਇਨ੍ਹਾਂ ਮੈਚਾਂ ਵਿਚ ਭਾਰਤ-ਪਾਕਿਸਤਾਨ ਦਾ ਮੈਚ ਵੀ ਸ਼ਾਮਲ ਸੀ। ਇਸ ਕਾਰਨ ਕਈ ਓ. ਟੀ. ਟੀ. ਕੰਪਨੀਆਂ ਨੂੰ ਨੁਕਸਾਨ ਹੋਇਆ ਸੀ। ਈ. ਡੀ. ਵੱਲੋਂ ਇਸ ਸਬੰਧੀ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿਚ ਕਿਹੜੇ ਲੋਕ ਇਹ ਐਪ ਚਲਾ ਰਹੇ ਹਨ ਅਤੇ ਇਨ੍ਹਾਂ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ’ਚ ਵੀ ਈ. ਡੀ. ਜੁਟ ਗਈ ਹੈ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

...ਤਾਂ ਕਿਤੇ ਮਹਾਦੇਵ ਐਪ ਨਾਲ ਤਾਂ ਨਹੀਂ ਜੁੜੇ ‘ਮੈਜਿਕ ਵਿਨ’ ਦੇ ਤਾਰ–
‘ਮੈਜਿਕ ਵਿਨ’ ਬੈਟਿੰਗ ਐਪ ਦੇ ਚਰਚਾ ਵਿਚ ਆਉਣ ਤੋਂ ਬਾਅਦ ‘ਮਹਾਦੇਵ ਐਪ’ ਵੀ ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ। ਜਾਂਚ ਏਜੰਸੀਆਂ ਇਸ ਗੱਲ ਨੂੰ ਲੈ ਕੇ ਵੀ ਜਾਂਚ ਕਰ ਰਹੀਆਂ ਹਨ ਕਿ ‘ਮੈਜਿਕ ਵਿਨ’ ਐਪ ਤੇ ਮਹਾਦੇਵ ਐਪ ਨਾਲ ਜੁੜੇ ਲੋਕ ਕਿਤੇ ਇਕ ਹੀ ਤਾਂ ਨਹੀਂ ਹਨ ਕਿਉਂਕਿ ਮਹਾਦੇਵ ਐਪ ਨਾਲ ਜੁੜੇ ਲੋਕ ਵੀ ਭਾਰਤ ਤੇ ਦੁਬਈ ਵਿਚ ਰਹਿ ਕੇ ਕੰਮ ਕਰ ਰਹੇ ਸਨ। ‘ਮੈਜਿਕ ਵਿਨ’ ਚਲਾਉਣ ਵਾਲੇ ਵੀ ਉਸੇ ਤਰ੍ਹਾਂ ਕੰਮ ਕਰ ਰਹੇ ਹਨ।

ਦੱਸਣਯੋਗ ਹੈ ਕਿ ਮਹਾਦੇਵ ਐਪ ਦਾ ਗੈਰ-ਕਾਨੂੰਨੀ ਕਾਰੋਬਾਰ ਜਲੰਧਰ ਤੋਂ ਲੈ ਕੇ ਛੱਤੀਸਗੜ੍ਹ, ਪੁਣੇ ਤੇ ਦੁਬਈ ਤਕ ਫੈਲਿਆ ਹੋਇਆ ਸੀ। ਜੇ ‘ਮੈਜਿਕ ਵਿਨ’ ਦੇ ਮਹਾਦੇਵ ਬੈਟਿੰਗ ਐਪ ਨਾਲ ਕੋਈ ਸਬੰਧ ਸਾਹਮਣੇ ਆਉਂਦੇ ਹਨ ਤਾਂ ਫਿਰ ਇਹ ਗੱਲ ਤੈਅ ਹੈ ਕਿ ਮਹਾਦੇਵ ਐਪ ਨਾਲ ਜੁੜੇ ਲੋਕਾਂ ਦੇ ਸਬੰਧ ਵੀ ਪਾਕਿਸਤਾਨ ਨਾਲ ਹਨ। ਉਂਝ ਮਹਾਦੇਵ ਐਪ ਦਾ ਇਕ ਲਿੰਕ ਦਾਊਦ ਨਾਲ ਵੀ ਜੁੜਿਆ ਹੋਇਆ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News