ਹਰ ਇਨਸਾਨ ’ਚ ਕਿਸੇ ਨਾ ਕਿਸੇ ਚੀਜ਼ ਦਾ ਹੁੰਦੈ ਡਰ, ‘ਡਿਸਪੈਚ’ ’ਚ ਹੈ ਇਹੋ ਇਮੋਸ਼ਨ
Friday, Dec 13, 2024 - 05:30 PM (IST)
‘ਡਿਸਪੈਚ’ ਇਕ ਐਕਸ਼ਨ ਥ੍ਰਿਲਰ ਫਿਲਮ ਹੈ, ਜੋ 13 ਦਸੰਬਰ ਨੂੰ ਜ਼ੀ5 ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ’ਚ ਮਨੋਜ ਵਾਜਪਾਈ ਨੇ ਆਪਣੀ ਅਦਭੁੱਤ ਅਦਾਕਾਰੀ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ ’ਚ ਉਹ ਇਕ ਕ੍ਰਾਈਮ ਰਿਪੋਰਟਰ ਜੌਨ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਜੀਵਨ ਦੇ ਕਈ ਪਹਿਲੂਆਂ ਨੂੰ ਉਜਾਗਰ ਕਰਦਾ ਹੈ। ਇਸ ਵਿਚ ਅਰਚਿਤਾ ਅਗਰਵਾਲ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਫਿਲਮ ਬਾਰੇ ‘ਡਿਸਪੈਚ’ ਦੀ ਸਟਾਰਕਾਸਟ ਮਨੋਜ ਵਾਜਪਾਈ, ਅਰਚਿਤਾ ਅਗਰਵਾਲ ਅਤੇ ਡਾਇਰੈਕਟਰ ਕਨੂ ਬਹਿਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਕਨੂ ਬਹਿਲ
ਤੁਹਾਡੀਆਂ ਸਾਰੀਆਂ ਫਿਲਮਾਂ ਡਾਰਕ ਅਤੇ ਇੰਟੈਂਸ ਹੁੰਦੀਆਂ ਹਨ। ‘ਡਿਸਪੈਚ’ ਲਈ ਤੁਸੀਂ ਕਿਸ ਕੋਰ ਇਮੋਸ਼ਨ ਨੂੰ ਧਿਆਨ ’ਚ ਰੱਖ ਕੇ ਕਹਾਣੀ ਬਣਾਈ?
ਫਿਲਮ ਦਾ ਕੋਰ ਇਮੋਸ਼ਨ ਇਕ ਤਰ੍ਹਾਂ ਦਾ ਡਰ ਹੈ, ਜੋ ਹਰ ਵਿਅਕਤੀ ਵਿਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹੁੰਦਾ ਹੈ। ਇਹ ਡਰ ਕਿਸੇ ਦੇ ਲਾਲਚ ਨਾਲ, ਕਿਸੇ ਦੀ ਪ੍ਰੇਸ਼ਾਨੀ ਨਾਲ ਜਾਂ ਫਿਰ ਕਿਸੇ ਹੋਰ ਮਾਨਸਿਕ ਸਥਿਤੀ ਨਾਲ ਜੁੜਿਆ ਹੋ ਸਕਦਾ ਹੈ। ਇਹੀ ਉਹ ਇਮੋਸ਼ਨ ਹੈ, ਜੋ ਫਿਲਮ ਵਿਚ ਸਭ ਤੋਂ ਪ੍ਰਮੁੱਖ ਹੈ ਅਤੇ ਇਸ ਡਰ ਦੇ ਅੰਦਰ ਸਾਡੇ ਸਾਰੇ ਹੋਰ ਇਮੋਸ਼ਨ ਸੁਮੋਏ ਹੁੰਦੇ ਹਨ। ਲੋਕ ਜਦੋਂ ਇਸ ਫਿਲਮ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਇਕ ਪ੍ਰਕਾਰ ਦੀ ਚਿੰਤਾ ਮਹਿਸੂਸ ਹੁੰਦੀ ਹੈ, ਜੋ ਦਰਸ਼ਕਾਂ ਨੂੰ ਪੂਰੀ ਫਿਲਮ ਦੌਰਾਨ ਘੇਰੀ ਰੱਖਦੀ ਹੈ।
ਤੁਹਾਡੇ ਅਦਾਕਾਰਾਂ ਨੇ ਤੁਹਾਡੀ ਕਾਫ਼ੀ ਤਾਰੀਫ਼ ਕੀਤੀ ਹੈ, ਤੁਸੀਂ ਇਸ ਬਾਰੇ ਕੀ ਕਹੋਗੇ?
ਮੇਰਾ ਕੰਮ ਅਦਾਕਾਰ ਨੂੰ ਕਿਰਦਾਰ ’ਚ ਢਾਲਣ ’ਚ ਮਦਦ ਕਰਨਾ ਹੈ। ਸਾਡੀ ਦੋ ਮਹੀਨੇ ਦੀ ਵਰਕਸ਼ਾਪ ਵਿਚ ਐਕਟਰਾਂ ਨੂੰ ਕਿਰਦਾਰ ਦੀ ਜ਼ਿੰਦਗੀ ਜਿਊਣ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਨਾਲ ਉਹ ਕਿਰਦਾਰ ਨੂੰ ਗਹਿਰਾਈ ਨਾਲ ਸਮਝ ਪਾਉਂਦੇ ਹਨ। ਇਕ ਐਕਟਰ ਉਦੋਂ ਆਪਣੀ ਭੂਮਿਕਾ ਨੂੰ ਸੱਚਾਈ ਨਾਲ ਨਿਭਾਅ ਸਕਦਾ ਹੈ, ਜਦੋਂ ਉਹ ਉਸ ਕਿਰਦਾਰ ਨੂੰ ਪੂਰੀ ਤਰ੍ਹਾਂ ਨਾਲ ਜਿਊਂਦਾ ਹੈ।
ਮਨੋਜ ਵਾਜਪਾਈ
ਜੌਨ ਬਣਨ ਦੀ ਪ੍ਰਕਿਰਿਆ ਕਿਵੇਂ ਰਹੀ?
ਕਨੂ ਦਾ ਆਪਣਾ ਪ੍ਰੋਸੈੱਸ ਹੈ, ਜੋ ਬਹੁਤ ਪ੍ਰਭਾਵੀ ਹੈ। ਉਨ੍ਹਾਂ ਨੇ ਸਾਰੇ ਅਦਾਕਾਰਾਂ ਨੂੰ ਵਰਕਸ਼ਾਪ ਵਿਚ ਸ਼ਾਮਲ ਕੀਤਾ, ਚਾਹੇ ਉਨ੍ਹਾਂ ਦਾ ਰੋਲ ਛੋਟਾ ਹੀ ਕਿਉਂ ਨਾ ਹੋਵੇ। ਉਨ੍ਹਾਂ ਦੀ ਡਿਮਾਂਡ ਰਹਿੰਦੀ ਹੈ ਕਿ ਸਾਰੇ ਵਰਕਸ਼ਾਪ ਵਿਚ ਆ ਕੇ ਆਪਣੇ ਕਿਰਦਾਰ ਨੂੰ ਸਮਝਣ। ਮੈਨੂੰ ਵਰਕਸ਼ਾਪ ਅਟੈਂਡ ਕਰਨਾ ਬੇਹੱਦ ਪਸੰਦ ਹੈ ਕਿਉਂਕਿ ਇਸ ਨਾਲ ਨਾ ਕੇਵਲ ਕਿਰਦਾਰ ਸਮਝਣ ਵਿਚ ਮਦਦ ਮਿਲਦੀ ਹੈ ਸਗੋਂ ਜੀਵਨ ਦੀ ਦਿਸ਼ਾ ਵੀ ਮਿਲਦੀ ਹੈ।
ਫਿਲਮ ਵਿਚ ਇਕ ਇੰਟੀਮੇਟ ਸੀਨ ਹੈ। ਇਸ ਨੂੰ ਕਰਨ ਵਿਚ ਤੁਹਾਨੂੰ ਕੋਈ ਅਸਹਿਜਤਾ ਹੋਈ?
ਮੈਂ ਸੁਭਾਅ ਤੋਂ ਸ਼ਰਮੀਲਾ ਹਾਂ ਅਤੇ ਇਸ ਤਰ੍ਹਾਂ ਦੇ ਇੰਟੀਮੇਟ ਸੀਨ ਕਰਨ ’ਚ ਮੈਨੂੰ ਪਹਿਲਾਂ ਝਿਜਕ ਹੁੰਦੀ ਹੈ ਪਰ ਬਾਅਦ ’ਚ ਮੈਨੂੰ ਇਹ ਸਮਝ ਆਉਂਦੀ ਹੈ ਕਿ ਇਹ ਸਿਰਫ਼ ਇਕ ਕਿਰਦਾਰ ਨੂੰ ਨਿਭਾਉਣ ਦਾ ਹਿੱਸਾ ਹੈ।
ਮੇਰੀ ਪਤਨੀ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਕਿਸੇ ਵੀ ਸੀਨ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਕਿ ਉਹ ਸੀਨ ਫਿਲਮ ਦਾ ਹਿੱਸਾ ਲੱਗੇ, ਨਾ ਕਿ ਕਿਸੇ ਬਾਹਰੀ ਫਿਲਮ ਦਾ। ਇਹੀ ਕਾਰਨ ਹੈ ਕਿ ਮੈਂ ਉਸ ਸੀਨ ਨੂੰ ਲੈ ਕੇ ਸਹਿਜ ਮਹਿਸੂਸ ਕਰਨ ’ਚ ਸਫ਼ਲ ਹੋਇਆ।
ਅਰਚਿਤਾ ਅਗਰਵਾਲ
ਦਿੱਗਜ ਕਲਾਕਾਰਾਂ ਨਾਲ ਕੰਮ ਕਰਨ ਤੋਂ ਬਾਅਦ ਤੁਸੀਂ ਕੀ ਸਿੱਖਿਆ?
ਮਨੋਜ ਸਰ ਵਰਗੇ ਸੀਨੀਅਰ ਐਕਟਰ ਨਾਲ ਕੰਮ ਕਰਨਾ ਇਕ ਵੱਡਾ ਅਨੁਭਵ ਹੈ। ਉਹ ਹਮੇਸ਼ਾ ਆਪਣੇ ਸਹਿ-ਕਲਾਕਾਰਾਂ ਅਤੇ ਡਾਇਰੈਕਟਰ ਨੂੰ ਪੂਰੀ ਸਪੇਸ ਦਿੰਦੇ ਹਨ। ਇਕ ਵਾਰ ਅਜਿਹਾ ਹੋਇਆ ਕਿ ਮੈਂ ਇਕ ਸੀਨ ਕਰ ਰਹੀ ਸੀ ਅਤੇ ਕਨੂ ਸਰ ਨੂੰ ਮੇਰੀ ਪਿੱਚ ਤੇਜ਼ ਚਾਹੀਦੀ ਸੀ ਪਰ ਉਹ ਹੋ ਨਹੀਂ ਰਿਹਾ ਸੀ। ਉਸ ਸਮੇਂ ਮਨੋਜ ਸਰ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਸਹੀ ਦਿਸ਼ਾ ਵਿਚ ਗਾਈਡ ਕੀਤਾ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਕਨੂ ਸਰ ਹਮੇਸ਼ਾ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ।
ਮਨੋਜ ਸਰ ਨੇ ਕਨੂ ਸਰ ਨੂੰ ਹਾਰਡ ਟਾਸਕ ਮਾਸਟਰ ਕਿਹਾ। ਤੁਸੀਂ ਕੀ ਕਹਿਣਾ ਚਾਹੋਗੇ?
ਇਹ ਸਹੀ ਹੈ। ਕਨੂ ਸਰ ਆਪਣੇ ਕੰਮ ਨੂੰ ਲੈ ਕੇ ਬੇਹੱਦ ਸਮਰਪਿਤ ਹਨ। ਉਹ ਆਪਣੇ ਐਕਟਰਾਂ ਨੂੰ ਸਹਿਜ ਮਹਿਸੂਸ ਕਰਵਾਉਂਦੇ ਹਨ ਅਤੇ ਕਿਰਦਾਰ ਨੂੰ ਸਮਝਣ ਵਿਚ ਮਦਦ ਕਰਦੇ ਹਨ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।