ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵਾਇਰਲ
Thursday, Jun 02, 2022 - 12:57 PM (IST)
ਚੰਡੀਗੜ੍ਹ (ਬਿਊਰੋ)– ਮਨਕੀਰਤ ਔਲਖ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵਿਵਾਦਾਂ ’ਚ ਘਿਰ ਗਿਆ ਹੈ। ਸਿੱਧੂ ਦੇ ਕਤਲ ਮਗਰੋਂ ਜਿਥੇ ਵਿੱਕੀ ਗੌਂਡਰ ਗਰੁੱਪ ਨੇ ਇਸ ਦਾ ਜ਼ਿੰਮੇਵਾਰ ਮਨਕੀਰਤ ਔਲਖ ਨੂੰ ਠਹਿਰਾਇਆ ਸੀ, ਉਥੇ ਬੰਬੀਹਾ ਗਰੁੱਪ ਨੇ ਵੀ ਮਨਕੀਰਤ ਔਲਖ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੋਸਟ ਸਾਂਝੀ ਕੀਤੀ ਸੀ।
ਮਨਕੀਰਤ ਔਲਖ ਦਾ ਸਬੰਧ ਲਾਰੈਂਸ ਬਿਸ਼ਨੋਈ ਨਾਲ ਇਨ੍ਹਾਂ ਪੋਸਟਾਂ ’ਚ ਵਾਰ-ਵਾਰ ਦੱਸਿਆ ਗਿਆ। ਹੁਣ ਮਨਕੀਰਤ ਦੀ ਲਾਰੈਂਸ ਬਿਸ਼ਨੋਈ ਨਾਲ ਇਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਸਾਲ 2014 ਦੀ ਹੈ, ਜਦੋਂ ਮਨਕੀਰਤ ਔਲਖ ਨੇ ਰੋਪੜ ਜੇਲ ’ਚ ਆਪਣਾ ਇਕ ਸ਼ੋਅ ਲਗਾਇਆ ਸੀ। ਮਨਕੀਰਤ ਔਲਖ ਨਾਲ ਤਸਵੀਰ ’ਚ ਗਾਇਕ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਚ ਇਹ ਕਿਹੋ-ਜਿਹਾ ਮਾਹੌਲ ਬਣ ਰਿਹਾ
ਤਸਵੀਰ ਨਾਲ ਮਨਕੀਰਤ ਔਲਖ ਨੇ ਲਿਖਿਆ ਸੀ, ‘‘ਰੱਬ ਮੇਰੇ ਯਾਰਾਂ ’ਤੇ ਮਿਹਰ ਕਰੇ, ਮੇਰੇ ਵੀਰ ਨੂੰ ਛੇਤੀ ਬਾਹਰ ਲਿਆਵੇ।’’ ਇਸ ਪੋਸਟ ਤੋਂ ਇਸ ਗੱਲ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਮਨਕੀਰਤ ਔਲਖ ਇਥੇ ਲਾਰੈਂਸ ਬਿਸ਼ਨੋਈ ਦੀ ਰਿਹਾਈ ਲਈ ਦੁਆ ਕਰ ਰਹੇ ਹਨ। ਪੋਸਟ ਦੇ ਵਾਇਰਲ ਹੋਣ ਮਗਰੋਂ ਮਨਕੀਰਤ ਔਲਖ ਦੇ ਗੈਂਗਸਟਰਾਂ ਨਾਲ ਲਿੰਕ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
ਦੱਸ ਦੇਈਏ ਕਿ ਰੋਪੜ ਜੇਲ ’ਚ ਲਾਏ ਅਖਾੜੇ ਦੀ ਮਨਕੀਰਤ ਔਲਖ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਸੀ, ਜਿਸ ਨੂੰ ਹੁਣ ਉਸ ਨੇ ਡਿਲੀਟ ਕਰ ਦਿੱਤਾ ਹੈ। ਮਨਕੀਰਤ ਔਲਖ ਨੇ ਇਸ ਵੀਡੀਓ ਦੀ ਕੈਪਸ਼ਨ ’ਚ ਲਿਖਿਆ ਸੀ, ‘‘ਸ਼ੋਅ ਤਾਂ ਬਹੁਤ ਲਾਏ ਨੇ ਪਰ ਜੇਲ ’ਚ ਕੱਲ ਪਹਿਲੀ ਵਾਰ ਲਾਇਆ, ਕੱਲ ਸੀ ਜੀ ਆਪਣਾ ਸ਼ੋਅ ਰੋਪੜ ਜੇਲ।’’
ਮਨਕੀਰਤ ਔਲਖ ਨੇ ਬੀਤੇ ਦਿਨੀਂ ਆਪਣੇ ’ਤੇ ਲੱਗ ਰਹੇ ਇਲਜ਼ਾਮਾਂ ’ਤੇ ਸਫਾਈ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਪਹਿਲਾਂ ਸਿੱਧੂ ਬਾਰੇ ਲਿਖ-ਲਿਖ ਕੇ ਉਸ ਨੂੰ ਮਰਵਾ ਦਿੱਤਾ ਗਿਆ ਤੇ ਹੁਣ ਉਸ ਬਾਰੇ ਲਿਖ-ਲਿਖ ਕੇ ਉਸ ਨੂੰ ਮਾਰਨ ’ਤੇ ਤੁਲੇ ਹੋਏ ਹੋ। ਉਸ ਨੇ ਇਹ ਵੀ ਲਿਖਿਆ ਕਿ ਜੇਕਰ ਉਸ ਨੂੰ ਮਾਰ ਕੇ ਕਿਸੇ ਦਾ ਰਾਂਝਾ ਰਾਜ਼ੀ ਹੁੰਦਾ ਹੈ ਤਾਂ ਉਹ ਵੀ ਕਰ ਲਓ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।