ਗੀਤਕਾਰ ਲਵਲੀ ਨੂਰ ਨੇ ਵਿਸਥਾਰ ’ਚ ਰੱਖਿਆ ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਆਪਣਾ ਪੱਖ
Friday, May 14, 2021 - 10:57 AM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤ ‘ਕਿੰਨੇ ਆਏ ਕਿੰਨੇ ਗਏ 2’ ਇਨ੍ਹੀਂ ਦਿਨੀਂ ਵਿਵਾਦਾਂ ’ਚ ਹੈ। ਇਸ ਗੀਤ ਦੇ ਵਿਵਾਦਾਂ ’ਚ ਰਹਿਣ ਦਾ ਕਾਰਨ ਇਹ ਹੈ ਕਿ ਇਸ ’ਚ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ’ਤੇ ਕੁਝ ਲੋਕਾਂ ਨੂੰ ਇਤਰਾਜ਼ ਹੈ।
ਤੁਹਾਨੂੰ ਦੱਸ ਦੇਈਏ ਕਿ ਗੀਤ ਦੇ ਰਿਲੀਜ਼ ਦੇ ਇਕ ਦਿਨ ਬਾਅਦ ਹੀ ਗਾਇਕ ਰਣਜੀਤ ਬਾਵਾ ਤੇ ਗੀਤਕਾਰ ਲਵਲੀ ਨੂਰ ਨੇ ਸ਼ੇਰ ਸਿੰਘ ਰਾਣਾ ਦਾ ਨਾਂ ਵਰਤਣ ’ਤੇ ਸਪੱਸ਼ਟੀਕਰਨ ਦੇ ਦਿੱਤਾ ਸੀ ਕਿ ਉਨ੍ਹਾਂ ਨੇ ਅਫ਼ਗਾਨ ਤੋਂ ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਭਾਰਤ ਲਿਆਉਣ ਕਰਕੇ ਸ਼ੇਰ ਸਿੰਘ ਰਾਣਾ ਦਾ ਨਾਂ ਵਰਤਿਆ ਹੈ। ਇਹੀ ਨਹੀਂ ਗੀਤ ’ਚੋਂ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਵੀ ਕੱਟ ਦਿੱਤਾ ਗਿਆ ਹੈ ਤੇ ਉਸ ਦੀ ਤਸਵੀਰ ਵੀ ਬਲੱਰ ਕਰ ਦਿੱਤੀ ਗਈ ਹੈ ਪਰ ਫਿਰ ਵੀ ਕੁਝ ਲੋਕ ਇਸ ਗੀਤ ਨੂੰ ਲੈ ਕੇ ਇਤਰਾਜ਼ ਜਤਾ ਰਹੇ ਹਨ।
ਹਮੇਸ਼ਾ ਸਾਂਝੀਵਾਲਤਾ ਦੀ ਕੀਤੀ ਗੱਲ
ਇਸ ’ਤੇ ਹੁਣ ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਗੀਤਕਾਰ ਲਵਲੀ ਨੂਰ ਨੇ ਵਿਸਥਾਰ ’ਚ ਆਪਣਾ ਪੱਖ ਰੱਖਿਆ ਹੈ ਤੇ ਵਿਵਾਦ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਲਵਲੀ ਨੇ ਕਿਹਾ ਕਿ ਜਿਸ-ਜਿਸ ਚੀਜ਼ ਤੋਂ ਲੋਕਾਂ ਨੂੰ ਇਤਰਾਜ਼ ਸੀ, ਉਹ ਸਭ ਉਨ੍ਹਾਂ ਨੇ ਹਟਾ ਦਿੱਤੀਆਂ ਹਨ। ਉਸ ਨੇ ਹਮੇਸ਼ਾ ਸਾਂਝੀਵਾਲਤਾ ਦੀ ਗੱਲ ਕੀਤੀ ਹੈ ਤੇ ਕਦੇ ਵੀ ਆਪਣੇ ਗੀਤਾਂ ’ਚ ‘ਜੱਟ-ਜੱਟ’ ਨਹੀਂ ਕੀਤੀ।
ਕੁਝ ਮੀਡੀਆ ਅਦਾਰਿਆਂ ਨੂੰ ਵੀ ਲਵਲੀ ਨੇ ਝਾੜ ਪਾਈ ਹੈ ਤੇ ਝੂਠੀਆਂ ਖ਼ਬਰਾਂ ਨਾ ਲਗਾਉਣ ਦੀ ਬੇਨਤੀ ਕੀਤੀ ਹੈ। ਲਵਲੀ ਨੇ ਕਿਹਾ ਕਿ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਨੂੰ ਮੀਡੀਆ ’ਚ ਦਿਖਾਉਣਾ ਚਾਹੀਦਾ ਹੈ, ਅਜਿਹੇ ਮੁੱਦੇ ਜਾਣਬੁਝ ਕੇ ਨਾ ਬਣਾਓ।
ਲਵਲੀ ਨੇ ਇਹ ਵੀਡੀਓ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ 40 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਤੇ ਕੁਮੈਂਟਾਂ ’ਚ ਲੋਕ ਲਵਲੀ ਦਾ ਸਮਰਥਨ ਕਰ ਰਹੇ ਹਨ।
ਨੋਟ– ਲਵਲੀ ਨੂਰ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।