ਮੂਸੇ ਵਾਲਾ ਕਤਲਕਾਂਡ ’ਚ ਲਾਰੈਂਸ ਦਾ ਵੱਡਾ ਕਬੂਲਨਾਮਾ, ਯੂ. ਪੀ. ’ਚੋਂ ਖ਼ਰੀਦੇ ਸਨ 2 ਕਰੋੜ ਦੇ ਹਥਿਆਰ!
Monday, May 22, 2023 - 03:50 PM (IST)
ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਸਾਹਮਣੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੱਡਾ ਕਬੂਲਨਾਮਾ ਕੀਤਾ ਹੈ। ਲਾਰੈਂਸ ਨੇ ਐੱਨ. ਆਈ. ਏ. ਸਾਹਮਣੇ ਕਬੂਲਿਆ ਕਿ ਉਸ ਨੇ ਹਵਾਲਾ ਜ਼ਰੀਏ ਗੋਲਡੀ ਬਰਾੜ ਨੂੰ ਅਮਰੀਕਾ ’ਚ 50 ਲੱਖ ਰੁਪਏ ਪਹੁੰਚਾਏ ਸਨ।
ਇਹ ਖ਼ਬਰ ਵੀ ਪੜ੍ਹੋ : ‘ਅਸਿਤ ਮੋਦੀ ਨੇ ਮੈਨੂੰ ਮੱਖੀ ਵਾਂਗ ਬਾਹਰ ਸੁੱਟ ਦਿੱਤਾ’, ‘ਤਾਰਕ ਮਹਿਤਾ...’ ਦੀ ਪ੍ਰਿਆ ਨੇ ਦਿੱਤਾ ਵੱਡਾ ਬਿਆਨ
ਇਸ ਦੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਾਰੈਂਸ ਨੇ ਸਤੰਬਰ-ਅਕਤੂਬਰ 2021 ’ਚ ਮੂਸਾ ਪਿੰਡ ਵਿਖੇ ਸ਼ੂਟਰ ਭੇਜੇ ਸਨ। ਇਨ੍ਹਾਂ ਸ਼ੂਟਰਾਂ ਦੇ ਨਾਂ ਸ਼ਾਹਰੁਖ, ਡੈਨੀ ਤੇ ਅਮਨ ਦੱਸੇ ਗਏ ਹਨ। ਸ਼ੂਟਰਾਂ ਦੇ ਰੁਕਣ ਦਾ ਪ੍ਰਬੰਧ ਮੋਨਾ ਸਰਪੰਚ ਤੇ ਜੱਗੂ ਨੇ ਕੀਤਾ ਸੀ।
ਇੰਨਾ ਹੀ ਨਹੀਂ, 2018 ਤੋਂ ਲੈ ਕੇ 2022 ਤਕ ਯੂ. ਪੀ. ਤੋਂ 2 ਕਰੋੜ ਰੁਪਏ ਦੇ 25 ਹਥਿਆਰ ਵੀ ਖਰੀਦੇ ਗਏ ਸਨ। ਇਨ੍ਹਾਂ ’ਚ 9 ਐੱਮ. ਐੱਮ. ਪਿਸਟਲ ਤੇ ਏ. ਕੇ. 47 ਵਰਗੇ ਹਥਿਆਰ ਸ਼ਾਮਲ ਹਨ। ਇਹ ਹਥਿਆਰ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਖਰੀਦੇ ਗਏ ਸਨ।
ਸਿੱਧੂ ਮੂਸੇ ਵਾਲਾ ਦਾ ਕਰੀਬੀ ਸ਼ਗਨਪ੍ਰੀਤ ਵੀ ਨਿਸ਼ਾਨੇ ’ਤੇ ਦੱਸਿਆ ਜਾ ਰਿਹਾ ਹੈ। ਲਾਰੈਂਸ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਾਲ 2021 ’ਚ ਵੀ ਮੂਸਾ ਪਿੰਡ ਵਿਖੇ ਸ਼ੂਟਰ ਭੇਜੇ ਗਏ ਸਨ ਪਰ ਉਦੋਂ ਉਹ ਰੇਕੀ ਕਰਕੇ ਚਲੇ ਗਏ ਤੇ ਕਾਮਯਾਬ ਨਹੀਂ ਹੋ ਸਕੇ। ਉਕਤ ਸ਼ੂਟਰਾਂ ਨੇ ਹੋਰ ਸ਼ੂਟਰਾਂ ਦੀ ਲੋੜ ਦੱਸੀ ਸੀ, ਜਿਸ ਤੋਂ ਬਾਅਦ 2022 ’ਚ ਸਿੱਧੂ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।