ਲਤਾ ਮੰਗੇਸ਼ਕਰ ਨੂੰ ਸੀ ਹੀਰੇ-ਪੰਨਿਆਂ ਦਾ ਸ਼ੌਕ, ਖਾਣ ’ਚ ਇਹ ਚੀਜ਼ਾਂ ਸਨ ਪਸੰਦ
Monday, Feb 07, 2022 - 06:06 PM (IST)
ਮੁੰਬਈ (ਬਿਊਰੋ)– ਰੇਹਾਨ ਫਜ਼ਲ ਆਪਣੇ ਲੇਖ ’ਚ ਜ਼ਿਕਰ ਕਰਦੇ ਹਨ ਕਿ ਲਤਾ ਮੰਗੇਸ਼ਕਰ ਨੂੰ ਹੀਰੇ ਤੇ ਪੰਨਿਆਂ ਦਾ ਬਹੁਤ ਸ਼ੌਕ ਸੀ। ਆਪਣੀ ਕਮਾਈ ਨਾਲ ਉਨ੍ਹਾਂ ਨੇ 1948 ’ਚ 700 ਰੁਪਇਆਂ ’ਚ ਆਪਣੇ ਲਈ ਹੀਰੇ ਦੀ ਅੰਗੂਠੀ ਬਣਵਾਈ ਸੀ। ਉਹ ਉਸ ਨੂੰ ਆਪਣੇ ਖੱਬੇ ਹੱਥ ਦੀ ਤੀਜੀ ਉਂਗਲ ’ਚ ਪਾਇਆ ਕਰਦੇ ਸਨ।
ਇਹ ਖ਼ਬਰ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਲਤਾ ਮੰਗੇਸ਼ਕਰ ਦੇ ਸੁਰਾਂ ਦਾ ਸਫਰ
ਉਨ੍ਹਾਂ ਨੂੰ ਸੋਨੇ ਨਾਲ ਕਦੇ ਪਿਆਰ ਨਹੀਂ ਰਿਹਾ। ਹਾਂ, ਉਹ ਸੋਨੇ ਦੀ ਪੰਜੇਬ ਜ਼ਰੂਰ ਪਾਇਆ ਕਰਦੇ ਸਨ। ਇਸ ਦੀ ਸਲਾਹ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਨਰਿੰਦਰ ਸ਼ਰਮਾ ਨੇ ਦਿੱਤੀ ਸੀ। ਲਤਾ ਨੂੰ ਜਾਸੂਸੀ ਨਾਵਲ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ ਤੇ ਉਨ੍ਹਾਂ ਕੋਲ ‘ਸ਼ੈਰਲੌਕ ਹੋਮਜ਼’ ਦੀਆਂ ਸਾਰੀਆਂ ਕਿਤਾਬਾਂ ਦੀ ਕੁਲੈਕਸ਼ਨ ਸੀ।
ਮਠਿਆਈਆਂ ’ਚ ਪਸੰਦ ਸੀ ਜਲੇਬੀ
ਲਤਾ ਮੰਗੇਸ਼ਕਰ ਨੂੰ ਮਠਿਆਈਆਂ ’ਚ ਸਭ ਤੋਂ ਜ਼ਿਆਦਾ ਜਲੇਬੀ ਪਸੰਦ ਸੀ। ਇਕ ਜ਼ਮਾਨੇ ’ਚ ਉਨ੍ਹਾਂ ਨੂੰ ਇੰਦੌਰ ਦੀ ਗੁਲਾਬ ਜਾਮੁਨ ਤੇ ਦਹੀਂ ਭੱਲੇ ਵੀ ਬਹੁਤ ਪਸੰਦ ਸਨ। ਗੋਵਨ ਫਿਸ਼ ਕੜੀ ਤੇ ਸਮੁੰਦਰੀ ਝੀਂਗੇ ਦੀ ਵੀ ਉਹ ਬਹੁਤ ਸ਼ੌਕੀਨ ਸਨ। ਉਹ ਸੂਜੀ ਦਾ ਹਲਵਾ ਵੀ ਬਹੁਤ ਵਧੀਆ ਬਣਾਉਂਦੇ ਸਨ।
ਇਹ ਖ਼ਬਰ ਵੀ ਪੜ੍ਹੋ : ਸਿਰਫ ਇੰਨੇ ਰੁਪਏ ਸੀ ਲਤਾ ਮੰਗੇਸ਼ਕਰ ਦੀ ਪਹਿਲੀ ਕਮਾਈ, ਜਾਣੋ ਕਿਉਂ ਮੋੜਿਆ ਸੀ ਨਵਾਂ ਰੇਡੀਓ
ਉਨ੍ਹਾਂ ਦੇ ਹੱਥ ਦਾ ਮਟਨ ਜਿਨ੍ਹਾਂ ਨੇ ਵੀ ਖਾਧਾ ਸੀ, ਉਹ ਉਸ ਨੂੰ ਕਦੇ ਨਹੀਂ ਭੁੱਲ ਸਕੇ। ਉਹ ਸਮੋਸੇ ਦੇ ਵੀ ਸ਼ੌਕੀਨ ਸਨ ਪਰ ਆਲੂ ਦੇ ਨਹੀਂ, ਸਗੋਂ ਕੀਮੇ ਦੇ। ਘੱਟ ਹੀ ਲੋਕ ਸੋਚ ਸਕਦੇ ਹਨ ਕਿ ਲਤਾ ਮੰਗੇਸ਼ਕਰ ਨੂੰ ਗੋਲਗੱਪੇ ਬਹੁਤ ਪਸੰਦ ਸਨ। ਉਨ੍ਹਾਂ ਨੂੰ ਨਿੰਬੂ ਦਾ ਅਾਚਾਰ ਤੇ ਮੱਕੀ ਦੀ ਰੋਟੀ ਵੀ ਬਹੁਤ ਪਸੰਦ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।