ਐਡਵਾਂਸ ਬੁਕਿੰਗ ਦੇ ਮਾਮਲੇ ’ਚ ਆਮਿਰ ਦੀ ‘ਲਾਲ ਸਿੰਘ ਚੱਢਾ’ ਨੇ ਅਕਸ਼ੇ ਦੀ ‘ਰਕਸ਼ਾ ਬੰਧਨ’ ਨੂੰ ਛੱਡਿਆ ਪਿੱਛੇ

08/07/2022 5:50:58 PM

ਮੁੰਬਈ (ਬਿਊਰੋ)– ਕਾਫੀ ਸਮੇਂ ਤੋਂ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਚਰਚਾ ਹੋ ਰਹੀ ਹੈ। ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਸਫਲਤਾ ਲਈ ਆਮਿਰ ਜ਼ੋਰ-ਸ਼ੋਰ ਨਾਲ ਇਸ ਦੀ ਪ੍ਰਮੋਸ਼ਨ ਕਰ ਰਹੇ ਹਨ। ਉਥੇ ਆਮਿਰ ਦੀ ਮਿਹਨਤ ਸਫਲ ਹੁੰਦੀ ਵੀ ਨਜ਼ਰ ਆ ਰਹੀ ਹੈ। ‘ਲਾਲ ਸਿੰਘ ਚੱਢਾ’ ਦੀ ਐਡਵਾਂਸ ਬੁਕਿੰਗ ਦੇ ਅੰਕੜੇ ਸਾਹਮਣੇ ਆਉਣ ਲੱਗੇ ਹਨ, ਜੋ ਦੱਸ ਰਹੇ ਹਨ ਕਿ ਫ਼ਿਲਮ ਬਾਕਸ ਆਫਿਸ ’ਤੇ ਧਮਾਲ ਮਚਾਉਣ ਵਾਲੀ ਹੈ।

11 ਅਗਸਤ ਯਾਨੀ ਰੱਖੜੀ ਦੇ ਤਿਉਹਾਰ ਮੌਕੇ ਦੋ ਵੱਡੀਆਂ ਫ਼ਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਪਹਿਲੀ ਆਮਿਰ ਦੀ ‘ਲਾਲ ਸਿੰਘ ਚੱਢਾ’ ਤੇ ਦੂਜੀ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’। ਦੋਵੇਂ ਫ਼ਿਲਮਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ‘ਲਾਲ ਸਿੰਘ ਚੱਢਾ’ ਲਈ ਅਜੇ ਤਕ ਲਗਭਗ 8 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੇ ਪੁੱਤਰ ਸ਼ਿੰਦੇ ਨੂੰ ਆਫਰ ਹੋਇਆ ਸੀ LSC ’ਚ ਆਮਿਰ ਖ਼ਾਨ ਦੇ ਬਚਪਨ ਦਾ ਰੋਲ, ਇਸ ਗੱਲੋਂ ਕੀਤਾ ਇਨਕਾਰ

ਆਮਿਰ ਖ਼ਾਨ ਦੀ ਫ਼ਿਲਮ ’ਚ ਕਹਾਣੀ ਦਾ ਇਕ ਕਨੈਕਸ਼ਨ ਪੰਜਾਬ ਨਾਲ ਵੀ ਹੈ ਪਰ ਐਡਵਾਂਸ ਬੁਕਿੰਗ ਦੇ ਮਾਮਲੇ ’ਚ ਪੰਜਾਬ ਤੋਂ ਜ਼ਿਆਦਾ ਦਿਲਚਸਪੀ ਦਿੱਲੀ-ਐੱਨ. ਸੀ. ਆਰ. ਦੇ ਲੋਕਾਂ ਨੇ ਦਿਖਾਈ ਹੈ। ਉਥੇ ਐਡਵਾਂਸ ਬੁਕਿੰਗ ’ਚ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਆਮਿਰ ਦੀ ‘ਲਾਲ ਸਿੰਘ ਚੱਢਾ’ ਤੋਂ ਪਿੱਛੇ ਚੱਲ ਰਹੀ ਹੈ। ਰਿਪੋਰਟ ਮੁਤਾਬਕ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਲਈ ਹੁਣ ਤਕ ਲਗਭਗ 3 ਕਰੋੜ ਰੁਪਏ ਦੀ ਹੀ ਐਡਵਾਂਸ ਬੁਕਿੰਗ ਹੋਈ ਹੈ।

ਕਾਫੀ ਸਮੇਂ ਬਾਅਦ ਦੋ ਵੱਡੀਆਂ ਫ਼ਿਲਮਾਂ ਕਿਸੇ ਵੱਡੇ ਮੌਕੇ ’ਤੇ ਇਕੱਠੀਆਂ ਰਿਲੀਜ਼ ਹੋ ਰਹੀਆਂ ਹਨ। ਆਮਿਰ ਤੇ ਅਕਸ਼ੇ ’ਚੋਂ ਕਿਸੇ ਨੇ ਵੀ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਜਾਂ ਪਿੱਛੇ ਕਰਨ ਦਾ ਫ਼ੈਸਲਾ ਨਹੀਂ ਲਿਆ। ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਬਾਲੀਵੁੱਡ ਦੇ ਦੋਵੇਂ ਦਿੱਗਜ ਅਦਾਕਾਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਵਿਸ਼ਵਾਸ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News