ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਦੇ ਟਾਈਟਲ ਟਰੈਕ ਨੂੰ ਲੋਕਾਂ ਵਲੋਂ ਮਿਲ ਰਿਹੈ ਭਰਵਾਂ ਹੁੰਗਾਰਾ

Monday, May 20, 2024 - 10:09 AM (IST)

ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਦੇ ਟਾਈਟਲ ਟਰੈਕ ਨੂੰ ਲੋਕਾਂ ਵਲੋਂ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ (ਸਹਿਜ ਕੌਰ) - ਪੰਜਾਬੀ ਫਿਲਮ ਇੰਡਸਟਰੀ ’ਚ ਬੋਲਡ ਬਾਲਾ ਦੇ ਨਾਂ ਨਾਲ ਮਸ਼ਹੂਰ ਸੋਨਮ ਬਾਜਵਾ ਤੇ ਅਦਾਕਾਰ ਐਮੀ ਵਿਰਕ ਆਪਣੀ ਆਉਣ ਵਾਲੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਨੂੰ ਲੈ ਕੇ ਸੁਰਖੀਆਂ ’ਚ ਬਣੇ ਹੋਏ ਹਨ। ਬੀਤੇ 2 ਦਿਨ ਪਹਿਲਾਂ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਰੇਕ ਦੀ ਜ਼ੁਬਾਨ 'ਤੇ ਫ਼ਿਲਮ ਦਾ ਇਹ ਟਾਈਟਲ ਟਰੈਟ ਸੁਣਨ ਨੂੰ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਸ ਦਾ ਸੰਗੀਤ ਵੀ‌ ਰੈਕਸ ਮਿਊਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਕੋਮਲ ਚੌਧਰੀ ਵਲੋਂ ਮਿਲ ਕੇ ਗਾਇਆ ਗਿਆ ਹੈ। ਗੀਤ ਦੀ ਗੱਲ ਕਰੀਏ ਤਾਂ ਇਸ ’ਚ ਹਰਿਆਣੇ ਦੀ ਕੁੜੀ ਦੀ ਗੱਲ ਕੀਤੀ ਗਈ ਹੈ ਕਿ ਉਨ੍ਹਾਂ ਸੁਭਾਅ ਕਿਵੇਂ ਦਾ ਹੁੰਦਾ ਹੈ। ਇਹ ਟਾਈਟਲ ਟਰੈਕ ਐਮੀ ਵਿਰਕ ਤੇ ਸੋਨਮ ਬਾਜਵਾ ’ਤੇ ਫਿਲਮਾਇਆ ਗਿਆ ਹੈ, ਜਿਸ ’ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ ਫਿਲਮ ’ਚ ਸੋਨਮ ਬਾਜਵਾ ਹਰਿਆਣਵੀ ਛੋਰੀ ਦਾ ਕਿਰਦਾਰ ਨਿਭਾ ਰਹੀ ਹੈ। ਉਸ ਨਾਲ ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਵੀ ਮੁੱਖ ਕਿਰਦਾਰ ’ਚ ਹਨ। ਇਸ ਤੋਂ ਇਲਾਵਾ ਫਿਲਮ ’ਚ ਲੈਜੇਂਡਰੀ ਅਦਾਕਾਰਾ ਨਿਰਮਲ ਰਿਸ਼ੀ ਦਾ ਵੀ ਅਹਿਮ ਕਿਰਦਾਰ ਹੈ। ਫਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੈ। ਇਸ ਤਰ੍ਹਾਂ ਦੀ ਕਹਾਣੀ ਪਹਿਲਾਂ ਕਦੇ ਤੁਸੀਂ ਸ਼ਾਇਦ ਹੀ ਕਿਸੇ ਪੰਜਾਬੀ ਫਿਲਮ ’ਚ ਦੇਖੀ ਹੋਵੇਗੀ। ਹੁਣ ਐੱਨ. ਆਰ. ਆਈਜ਼. ਦੀ ਕਹਾਣੀ ਤੋਂ ਧਿਆਨ ਹਟਾ ਕੇ ਥੋੜ੍ਹਾ ਵੱਖਰੇ ਕੰਨਸੈਪਟ ਵੱਲ ਧਿਆਨ ਦਿੱਤਾ ਗਿਆ ਹੈ। ਹੁਣ ਦੇਖਣਾ ਹੈ ਕਿ ਇਹ ਵੱਖਰੀ ਕਹਾਣੀ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਹੋ ਸਕੇਗੀ ਜਾਂ ਨਹੀਂ।

ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਾਮੇਡੀ, ਰੋਮਾਂਸ 'ਤੇ ਅਧਾਰਿਤ ਹੋਵੇਗੀ। ਇਸ 'ਚ ਕੁਸ਼ਤੀ ਅਤੇ ਖੇਡ ਜਗਤ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਸ ’ਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਅਤੇ ਭਾਰਤ ਦੇ ਜੱਟ ਅਤੇ ਜਾਟ ਸੱਭਿਆਚਾਰਾਂ ਵਾਲੀ ਸਟਾਰ ਕਾਸਟ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ’ਚ ਸੋਨਮ ਬਾਜਵਾ ਅਤੇ ਐਮੀ ਵਿਰਕ ਤੋਂ ਇਲਾਵਾ ਹਰਿਆਣਵੀ ਸੁਪਰਸਟਾਰ ਅਜੇ ਹੁੱਡਾ, ਮਹਾਨ ਹਰਿਆਣਵੀ ਅਤੇ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਹਨ। ਇਸ ਤੋਂ ਇਲਾਵਾ ਪੰਜਾਬੀ ਸਟਾਰ ਯੋਗਰਾਜ ਸਿੰਘ, ਹਰਦੀਪ ਗਿੱਲ, ਸੀਮਾ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲੇਗੀ।

ਦੱਸਣਯੋਗ ਹੈ ਕਿ ਇਹ ਫਿਲਮ ਨਿਰਦੇਸ਼ਕ ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਹੈ। ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਹੈ, ਜੋ ਕਿ ਬਲਾਕਬਸਟਰ ਪੰਜਾਬੀ ਐਂਟਰਟੇਨਰਾਂ ‘ਛੜਾ’ ਅਤੇ ‘ਪੁਆੜਾ’ ਫਿਲਮਾਂ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਦੀ ਕੰਪਨੀ ਰਮਾਰਾ ਫਿਲਮਜ਼ ਦੇ ਅਧੀਨ ਪੇਸ਼ ਕੀਤੀ ਗਈ ਹੈ। ‘ਕੁੜੀ ਹਰਿਆਣੇ ਵੱਲ ਦੀ’ 14 ਜੂਨ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News