ਕੇ. ਆਰ. ਕੇ. ਨੇ ਮੀਕਾ ਸਿੰਘ ਖ਼ਿਲਾਫ਼ ਕੀਤੀ ਸ਼ਿਕਾਇਤ, ਕਿਹਾ– ‘ਧੀ ਦੀ ਤਸਵੀਰ ਨਾਲ ਛੇੜਛਾੜ ਦੀ ਦੇ ਰਿਹੈ ਧਮਕੀ’

Wednesday, Jun 16, 2021 - 02:00 PM (IST)

ਕੇ. ਆਰ. ਕੇ. ਨੇ ਮੀਕਾ ਸਿੰਘ ਖ਼ਿਲਾਫ਼ ਕੀਤੀ ਸ਼ਿਕਾਇਤ, ਕਿਹਾ– ‘ਧੀ ਦੀ ਤਸਵੀਰ ਨਾਲ ਛੇੜਛਾੜ ਦੀ ਦੇ ਰਿਹੈ ਧਮਕੀ’

ਮੁੰਬਈ (ਬਿਊਰੋ)– ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ’ਚ ਘਿਰੇ ਰਹਿਣ ਵਾਲੇ ਅਦਾਕਾਰ ਕੇ. ਆਰ. ਕੇ. ਇਨ੍ਹੀਂ ਦਿਨੀਂ ਮੀਕਾ ਸਿੰਘ ਕਾਰਨ ਖ਼ਬਰਾਂ ’ਚ ਹਨ। ਕੇ. ਆਰ. ਕੇ. ਨੇ ਮੁੰਬਈ ਪੁਲਸ ਤੇ ਮੁੰਬਈ ਪੁਲਸ ਕਮਿਸ਼ਨਰ ਨੂੰ ਮੀਕਾ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਤੇ ਦੋਸ਼ ਲਗਾਇਆ ਹੈ ਕਿ ਮੀਕਾ ਨੇ ਉਸ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਕੁਝ ਦਿਨ ਪਹਿਲਾਂ ਇਕ ਗੀਤ ਰਿਲੀਜ਼ ਕੀਤਾ ਹੈ।

ਕੇ. ਆਰ. ਕੇ. ਨੇ ਆਪਣੇ ਟਵਿਟਰ ਅਕਾਊਂਟ ’ਤੇ ਮੁੰਬਈ ਪੁਲਸ ਤੇ ਕਮਿਸ਼ਨਰ ਨੂੰ ਟੈਗ ਕਰਦਿਆਂ ਲਿਖਿਆ, ‘ਮਾਣਯੋਗ ਮੁੰਬਈ ਪੁਲਸ ਤੇ ਮੁੰਬਈ ਪੁਲਸ ਕਮਿਸ਼ਨਰ, ਕਿਰਪਾ ਧਿਆਨ ਦਿਓ ਮੀਕਾ ਸਿੰਘ ਨੇ ਮੇਰੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਹੈ ਤੇ ਆਪਣਾ ਗੀਤ ਰਿਲੀਜ਼ ਕੀਤਾ ਹੈ। ਹੁਣ ਉਹ ਮੈਨੂੰ ਮੇਰੀ 14 ਸਾਲ ਦੀ ਛੋਟੀ ਜਿਹੀ ਬੱਚੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਗੀਤ ਰਿਲੀਜ਼ ਕਰਨ ਦੀ ਧਮਕੀ ਦੇ ਰਿਹਾ ਹੈ। ਮੇਰੇ ਕੋਲ ਉਸ ਦੇ ਸਾਰੇ ਮੈਸਿਜ ਤੇ ਰਿਕਾਰਡ ਹੈ। ਕਿਰਪਾ ਕਰੇ ਮੇਰੀ ਐੱਫ. ਆਈ. ਆਰ. ਦਰਜ ਕਰੋ।’

ਅਸਲ ’ਚ ਹਾਲ ਹੀ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਰਿਲੀਜ਼ ਹੋਣ ਤੋਂ ਬਾਅਦ ਕੇ. ਆਰ. ਕੇ. ਨੇ ਸਲਮਾਨ ਖ਼ਾਨ ਨਾਲ ਪੰਗਾ ਲਿਆ ਸੀ। ਕੇ. ਆਰ. ਕੇ. ਨੇ ਨਾ ਸਿਰਫ ‘ਰਾਧੇ’ ਦਾ ਮਜ਼ਾਕ ਉਡਾਇਆ, ਸਗੋਂ ਸਲਮਾਨ ਦੇ ਬਾਰੇ ’ਚ ਵੀ ਕੁਝ ਗੱਲਾਂ ਆਖੀਆਂ, ਜਿਸ ਤੋਂ ਬਾਅਦ ਸਲਮਾਨ ਨੇ ਉਸ ’ਤੇ ਮਾਣਹਾਨੀ ਦਾ ਕੇਸ ਦਰਜ ਕੀਤਾ।

ਦੋਵਾਂ ਦੇ ਇਸ ਝਗੜੇ ’ਚ ਮੀਕਾ ਸਿੰਘ ਵੀ ਸ਼ਾਮਲ ਹੋ ਗਏ ਤੇ ਉਨ੍ਹਾਂ ਨੇ ਕੇ. ਆਰ. ਕੇ. ਨੂੰ ਰੱਜ ਕੇ ਸੁਣਾਈਆਂ। ਕੇ. ਆਰ. ਕੇ. ਤੇ ਸਲਮਾਨ ਖ਼ਾਨ ਵਿਚਾਲੇ ਹੋਏ ਇਸ ਝਗੜੇ ਤੋਂ ਬਾਅਦ ਮੀਕਾ ਨੇ ਐਲਾਨ ਕੀਤਾ ਕਿ ਉਹ ਕੇ. ਆਰ. ਕੇ. ’ਤੇ ਇਕ ਗੀਤ ਬਣਾਏਗਾ, ਜਿਸ ਦੇ ਬੋਲ ਹੋਣਗੇ ‘ਕੇ. ਆਰ. ਕੇ. ਕੁੱਤਾ’।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਨੇ ਸ਼ੁਰੂ ਕੀਤੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ, ਦੱਸਿਆ ਡਰੀਮ ਪ੍ਰਾਜੈਕਟ

ਮੀਕਾ ਨੇ 11 ਜੂਨ ਨੂੰ ਯੂਟਿਊਬ ’ਤੇ ਇਹ ਗੀਤ ਰਿਲੀਜ਼ ਕੀਤਾ ਸੀ। ਗਾਇਕ ਨੇ ਆਪਣੇ ਟਵਿਟਰ ਅਕਾਊਂਟ ’ਤੇ ‘ਕੇ. ਆਰ. ਕੇ. ਕੁੱਤਾ’ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਸ ਨੇ ਮਿਊਜ਼ਿਕ ਵੀਡੀਓ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਦੋਸਤੋ ਸਾਲ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਗੀਤ ‘ਕੇ. ਆਰ. ਕੇ. ਕੁੱਤਾ’ ਰਿਲੀਜ਼ ਹੋ ਗਿਆ ਹੈ। ਮੇਰੇ ਬੇਟੇ ਕਮਾਲ ਆਰ. ਖ਼ਾਨ ਕਿਰਪਾ ਹੁਣ ਇਸ ਗੀਤ ’ਤੇ ਆਪਣਾ ਰੀਵਿਊ ਦਿਓ। ਮੈਂ ਇਸ ਗੀਤ ਨੂੰ ਬਣਾਉਣ ’ਚ ਸਖ਼ਤ ਮਿਹਨਤ ਕੀਤੀ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News