ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ ''ਤੇ ਟ੍ਰੋਲ ਕਰਨ ਵਾਲਿਆਂ ਦੀ ਲਗਾਈ ਕਲਾਸ

Saturday, Oct 24, 2026 - 03:40 PM (IST)

ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ ''ਤੇ ਟ੍ਰੋਲ ਕਰਨ ਵਾਲਿਆਂ ਦੀ ਲਗਾਈ ਕਲਾਸ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਹੋਣ ਵਾਲੀ ਟ੍ਰੋਲਿੰਗ ਅਤੇ ਪੁਰਸ਼-ਪ੍ਰਧਾਨ ਸੋਚ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਔਰਤਾਂ ਨੂੰ ਆਪਣੀ ਪਸੰਦ ਅਤੇ ਅਧਿਕਾਰਾਂ ਲਈ ਬੋਲਣਾ ਚਾਹੀਦਾ ਹੈ। ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਕ੍ਰਿਤੀ ਦੇ ਵਿਚਾਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਇੱਕ ਦਲੇਰਾਨਾ ਕੰਮ ਦੱਸਿਆ। ਕਰੀਨਾ ਕਪੂਰ ਖਾਨ ਦੇ ਸ਼ੋਅ "ਵਟ ਵੂਮੈਨ ਵਾਂਟ" 'ਤੇ ਗੱਲਬਾਤ ਦੌਰਾਨ, ਕ੍ਰਿਤੀ ਨੇ ਆਪਣੀ ਇੱਕ Ad ਵਿੱਚ ਪਹਿਨੀ ਚੋਲੀ ਨੂੰ ਲੈ ਕੇ ਹੋਈ ਟ੍ਰੋਲਿੰਗ ਦਾ ਜ਼ਿਕਰ ਕੀਤਾ।

ਉਸਨੇ ਕਿਹਾ ਕਿ ਉਹ ਹੈਰਾਨ ਹੈ ਕਿ ਉਸਦਾ ਪਹਿਰਾਵਾ ਰਾਸ਼ਟਰੀ ਬਹਿਸ ਦਾ ਵਿਸ਼ਾ ਬਣ ਗਿਆ ਅਤੇ ਪ੍ਰਾਈਮ-ਟਾਈਮ ਖ਼ਬਰਾਂ ਵਿੱਚ ਚਰਚਾ ਕੀਤੀ ਗਈ। ਕ੍ਰਿਤੀ ਨੇ ਕਿਹਾ ਕਿ ਉਹ ਆਮ ਤੌਰ 'ਤੇ ਟ੍ਰੋਲਿੰਗ ਦਾ ਜਵਾਬ ਨਹੀਂ ਦਿੰਦੀ, ਪਰ ਇਸ ਵਾਰ ਉਸਨੇ ਮਹਿਸੂਸ ਕੀਤਾ ਕਿ ਇਸ ਮੁੱਦੇ 'ਤੇ ਬੋਲਣਾ ਮਹੱਤਵਪੂਰਨ ਹੈ। ਇਹ ਸਿਰਫ਼ ਉਸਦੇ ਕੱਪੜਿਆਂ ਬਾਰੇ ਨਹੀਂ ਹੈ, ਸਗੋਂ ਔਰਤਾਂ ਪ੍ਰਤੀ ਸਮਾਜ ਦੇ ਰਵੱਈਏ ਨਾਲ ਜੁੜਿਆ ਇੱਕ ਵੱਡਾ ਮੁੱਦਾ ਹੈ। ਕ੍ਰਿਤੀ ਨੇ ਕਿਹਾ ਕਿ ਔਰਤਾਂ ਨੂੰ ਕਈ ਵਾਰ ਉਨ੍ਹਾਂ ਦੇ ਕੱਪੜਿਆਂ ਲਈ, ਕਦੇ ਉਨ੍ਹਾਂ ਦੇ ਭਾਰ ਲਈ, ਅਤੇ ਕਦੇ ਉਨ੍ਹਾਂ ਦੀ ਸਰੀਰਕ ਦਿੱਖ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਉਸਨੇ ਸਵਾਲ ਕੀਤਾ ਕਿ ਔਰਤਾਂ ਨੂੰ ਹਰ ਛੋਟੀ-ਵੱਡੀ ਗੱਲ ਲਈ ਕਿਉਂ ਪਰਖਿਆ ਜਾਂਦਾ ਹੈ, ਅਤੇ ਲੋਕਾਂ ਨੂੰ ਉਨ੍ਹਾਂ ਦੇ ਨਿੱਜੀ ਫੈਸਲਿਆਂ 'ਤੇ ਟਿੱਪਣੀ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ।

ਕ੍ਰਿਤੀ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ, ਕਰੀਨਾ ਨੇ ਕਿਹਾ ਕਿ ਹਰ ਔਰਤ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ ਹੈ। ਉਸਨੇ ਔਰਤਾਂ ਵਿਰੁੱਧ ਬੇਲੋੜੀਆਂ ਟਿੱਪਣੀਆਂ ਅਤੇ ਟ੍ਰੋਲਿੰਗ ਦੀ ਨਿੰਦਾ ਕੀਤੀ। ਕ੍ਰਿਤੀ ਨੇ ਕਿਹਾ ਕਿ ਔਰਤਾਂ ਲਈ ਆਪਣੇ ਅਧਿਕਾਰਾਂ ਲਈ ਬੋਲਣਾ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸਮਾਜ ਵਿੱਚ ਪ੍ਰਚਲਿਤ ਲਿੰਗ ਅਸਮਾਨਤਾ ਅਤੇ ਪੁਰਸ਼-ਪ੍ਰਧਾਨ ਮਾਨਸਿਕਤਾ ਨੂੰ ਚੁਣੌਤੀ ਮਿਲਦੀ ਹੈ। ਉਸਨੇ ਕਿਹਾ ਕਿ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਸੋਚ ਨੂੰ ਬਦਲਣ ਲਈ ਵਾਰ-ਵਾਰ ਸਵਾਲ ਉਠਾਉਣ ਦੀ ਲੋੜ ਹੈ।


author

cherry

Content Editor

Related News