ਚੌਥੀ ਸਟੇਜ ਦੇ ਕੈਂਸਰ ਨਾਲ ਪੀੜਤ ‘ਕੇ. ਜੀ. ਐੱਫ.’ ਸਟਾਰ, ਸਰਜਰੀ ਲਈ ਨਹੀਂ ਹਨ ਪੈਸੇ
Saturday, Aug 27, 2022 - 01:49 PM (IST)
ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ.’ ’ਚ ਕਾਸਿਮ ਚਾਚਾ ਦੀ ਭੂਮਿਕਾ ਨਿਭਾਉਣ ਵਾਲੇ ਦਿੱਗਜ ਕੰਨੜ ਅਦਾਕਾਰ ਹਰੀਸ਼ ਰਾਓ ਕੈਂਸਰ ਨਾਲ ਜੂਝ ਰਹੇ ਹਨ। ਅਦਾਕਾਰ ਇਸ ਸਮੇਂ ਗਲੇ ਦੇ ਕੈਂਸਰ ਦੀ ਚੌਥੀ ਸਟੇਜ ’ਚ ਹਨ। ਉਨ੍ਹਾਂ ਨੇ ਹਾਲ ਹੀ ’ਚ ਇਕ ਯੂਟਿਊਬਰ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਹਾਲਤ ਬਾਰੇ ਗੱਲ ਕੀਤੀ।
ਅਦਾਕਾਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਨਾਲ ਪੀੜਤ ਹਨ। ਫ਼ਿਲਮ ਦੀ ਸ਼ੂਟਿੰਗ ਦੌਰਾਨ ਵੀ ਉਹ ਇਸ ਬੀਮਾਰੀ ਨਾਲ ਜੂਝ ਰਹੇ ਸਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਥਾਇਰਾਈਡ ਸੀ, ਜਿਸ ਨੇ ਕੈਂਸਰ ਦਾ ਰੂਪ ਲੈ ਲਿਆ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਨਾਲ ਪੀੜਤ ਹਨ ਤੇ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ ਹਨ। ਅਦਾਕਾਰ ਨੇ ਕਾਫੀ ਸਮੇਂ ਤਕ ਆਪਣੀ ਬੀਮਾਰੀ ਨੂੰ ਲੁਕੋ ਕੇ ਰੱਖਿਆ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਡਰ ਕਿ ਉਨ੍ਹਾਂ ਦੇ ਹੱਥੋਂ ਕਈ ਸਾਰੇ ਪ੍ਰਾਜੈਕਟ ਚਲੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਸੋਨਾਲੀ ਫੋਗਾਟ ਕਤਲ ਕੇਸ 'ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ 'ਚ ਰੱਖਿਆ
ਉਨ੍ਹਾਂ ਕੋਲ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਆਪਣੀ ਸਰਜਰੀ ਵੀ ਟਾਲ ਦਿੱਤੀ ਤੇ ‘ਕੇ. ਜੀ. ਐੱਫ. ਚੈਪਟਰ 2’ ਦੀ ਰਿਲੀਜ਼ ਦਾ ਇੰਤਜ਼ਾਰ ਕਰਨ ਲੱਗੇ। ਹੁਣ ਉਹ ਕੈਂਸਰ ਦੀ ਚੌਥੀ ਸਟੇਜ ’ਚ ਹਨ ਤੇ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਖ਼ਰਾਬ ਹੋ ਰਹੀ ਹੈ।
ਹਰੀਸ਼ ਰਾਏ ਨੇ ਯੂਟਿਊਬਰ ਗੋਪੀ ਗੌਡਰੂ ਨੂੰ ਦਿੱਤੇ ਇੰਟਰਵਿਊ ’ਚ ਆਪਣੀ ਬੀਮਾਰੀ ਦਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸਥਿਤੀਆਂ ਤੁਹਾਨੂੰ ਮਹਾਨਤਾ ਪ੍ਰਦਾਨ ਕਰ ਸਕਦੀਆਂ ਹਨ ਜਾਂ ਚੀਜ਼ਾਂ ਨੂੰ ਤੁਹਾਡੇ ਤੋਂ ਦੂਰ ਲਿਜਾ ਸਕਦੀਆਂ ਹਨ। ਬਚਣ ਦਾ ਕੋਈ ਸੁਭਾਗ ਨਹੀਂ ਹੈ। ਮੈਂ ਤਿੰਨ ਸਾਲ ਤੋਂ ਕੈਂਸਰ ਨਾਲ ਜੰਗ ਲੜ ਰਿਹਾ ਹਾਂ। ‘ਕੇ. ਜੀ. ਐੱਫ.’ ਦੀ ਸ਼ੂਟਿੰਗ ਦੌਰਾਨ ਮੇਰੀ ਲੰਮੀ ਦਾੜ੍ਹੀ ਰੱਖਣ ਦਾ ਇਕ ਕਾਰਨ ਇਹ ਸੀ ਕਿ ਇਸ ਬੀਮਾਰੀ ਦੇ ਚਲਦਿਆਂ ਮੇਰੇ ਚਿਹਰੇ ’ਤੇ ਸੋਜ ਆ ਗਈ ਸੀ। ਸੋਜ ਨੂੰ ਲੁਕਾਉਣ ਲਈ ਮੈਂ ਦਾੜ੍ਹੀ ਵਧਾ ਲਈ। ਅਦਾਕਾਰ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਉਨ੍ਹਾਂ ਨੇ ਪ੍ਰਸ਼ੰਸਕਾਂ ਤੇ ਇੰਡਸਟਰੀ ਦੇ ਲੋਕਾਂ ਕੋਲੋਂ ਮਦਦ ਮੰਗਣ ਲਈ ਇਕ ਵੀਡੀਓ ਰਿਕਾਰਡ ਕੀਤੀ ਸੀ ਪਰ ਉਹ ਇਸ ਨੂੰ ਪੋਸਟ ਨਹੀਂ ਕਰ ਸਕੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।