ਇਸ ਦਿਨ ਹੋਵੇਗਾ ''ਕੇਸਰੀ ਚੈਪਟਰ 2'' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
Tuesday, Sep 09, 2025 - 05:28 PM (IST)

ਮੁੰਬਈ (ਏਜੰਸੀ)- ਅਕਸ਼ੈ ਕੁਮਾਰ, ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਦੀਆਂ ਮੁੱਖ ਭੂਮਿਕਾਵਾਂ ਵਾਲੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਕੇਸਰੀ ਚੈਪਟਰ 2', ਦਾ ਵਰਲਡ ਟੀਵੀ ਪ੍ਰੀਮੀਅਰ ਸ਼ਨੀਵਾਰ 13 ਸਤੰਬਰ ਨੂੰ ਰਾਤ 8 ਵਜੇ ਸਟਾਰ ਗੋਲਡ 'ਤੇ ਹੋਵੇਗਾ। ਇਹ ਕਹਾਣੀ ਹੈ ਉਸ ਬਹਾਦਰ ਵਕੀਲ ਸੀ. ਸ਼ੰਕਰਨ ਨਾਇਰ ਦੀ, ਜਿਨ੍ਹਾਂ ਨੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਬ੍ਰਿਟਿਸ਼ ਸਰਕਾਰ ਨਾਲ ਲੜਾਈ ਲੜੀ ਸੀ। ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਦੁਆਰਾ ਕੀਤਾ ਗਿਆ ਹੈ।
ਅਕਸ਼ੈ ਕੁਮਾਰ ਨੇ ਕਿਹਾ, "ਸੀ. ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾਉਣਾ ਮੇਰੇ ਕਰੀਅਰ ਦੇ ਸਭ ਤੋਂ ਖਾਸ ਅਨੁਭਵਾਂ ਵਿੱਚੋਂ ਇੱਕ ਸੀ। ਉਨ੍ਹਾਂ ਦੀ ਕਹਾਣੀ ਸਾਬਤ ਕਰਦੀ ਹੈ ਕਿ ਹਿੰਮਤ ਸਿਰਫ਼ ਜੰਗ ਦੇ ਮੈਦਾਨ ਵਿੱਚ ਹੀ ਨਹੀਂ, ਸਗੋਂ ਸੱਚ ਅਤੇ ਨਿਆਂ ਦੀ ਲੜਾਈ ਵਿੱਚ ਵੀ ਦਿਖਾਈ ਜਾਂਦੀ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਇਹ ਅਣਕਹੀ ਕਹਾਣੀ ਟੀਵੀ 'ਤੇ ਦੇਸ਼ ਦੇ ਹਰ ਘਰ ਤੱਕ ਪਹੁੰਚੇਗੀ।" ਆਰ. ਮਾਧਵਨ ਨੇ ਕਿਹਾ, "ਨੇਵਿਲ ਮੈਕਕਿਨਲੇ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਚੁਣੌਤੀਪੂਰਨ ਸੀ। ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਦਿਖਾਉਣਾ ਆਸਾਨ ਨਹੀਂ ਸੀ, ਪਰ ਇਸ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ। ਦਰਸ਼ਕ ਜਲ੍ਹਿਆਂਵਾਲਾ ਬਾਗ ਦੀ ਸੱਚਾਈ ਨੂੰ ਜਾਣ ਸਕਣਗੇ, ਜਿਸ ਬਾਰੇ ਹੁਣ ਤੱਕ ਬਹੁਤ ਘੱਟ ਲੋਕ ਜਾਣਦੇ ਸਨ।" ਅਨੰਨਿਆ ਪਾਂਡੇ ਨੇ ਕਿਹਾ, "ਦਿਲਰੀਤ ਗਿੱਲ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਸਨਮਾਨ ਦੀ ਗੱਲ ਸੀ। ਉਹ ਉਸ ਯੁੱਗ ਦੀ ਨੌਜਵਾਨ ਪੀੜ੍ਹੀ ਦੀ ਪ੍ਰਤੀਕ ਹੈ, ਜੋ ਸਭ ਤੋਂ ਉੱਪਰ ਸੱਚ ਵਿੱਚ ਵਿਸ਼ਵਾਸ ਰੱਖਦੀ ਸੀ। ਮੈਨੂੰ ਇਸ ਫਿਲਮ ਨਾਲ ਜੁੜਨ 'ਤੇ ਮਾਣ ਹੈ ਅਤੇ ਉਮੀਦ ਹੈ ਕਿ ਦਰਸ਼ਕ, ਖਾਸ ਕਰਕੇ ਨੌਜਵਾਨ, ਇਸਨੂੰ ਦੇਖ ਕੇ ਪ੍ਰੇਰਿਤ ਹੋਣਗੇ।" ਕਰਨ ਜੌਹਰ ਨੇ ਕਿਹਾ, "ਧਰਮਾ ਪ੍ਰੋਡਕਸ਼ਨ ਲਈ 'ਕੇਸਰੀ ਚੈਪਟਰ 2' ਬਣਾਉਣਾ ਮਾਣ ਵਾਲੀ ਗੱਲ ਸੀ। ਇਹ ਕਹਾਣੀ ਭਾਰਤ ਦੀ ਆਜ਼ਾਦੀ ਲਈ ਲੜੀਆਂ ਗਈਆਂ ਸਭ ਤੋਂ ਮਹੱਤਵਪੂਰਨ ਕਾਨੂੰਨੀ ਲੜਾਈਆਂ ਵਿੱਚੋਂ ਇੱਕ ਹੈ। ਸਾਨੂੰ ਯਕੀਨ ਹੈ ਕਿ ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨਗੇ।"
ਨਿਰਦੇਸ਼ਕ ਕਰਨ ਸਿੰਘ ਤਿਆਗੀ ਨੇ ਕਿਹਾ, "ਸੀ. ਸ਼ੰਕਰਨ ਨਾਇਰ ਦੀ ਹਿੰਮਤ ਅਤੇ ਜਲ੍ਹਿਆਂਵਾਲਾ ਬਾਗ ਦੇ ਸੱਚ ਨੂੰ ਬੇਨਕਾਬ ਕਰਨ ਦੀ ਉਨ੍ਹਾਂ ਦੀ ਲੜਾਈ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਸਿਰਫ਼ ਇੱਕ ਇਤਿਹਾਸਕ ਘਟਨਾ ਨਹੀਂ ਸੀ, ਸਗੋਂ ਇੱਕ ਮਹੱਤਵਪੂਰਨ ਪਲ ਸੀ ਜਿਸਨੇ ਆਜ਼ਾਦੀ ਦੀ ਲੜਾਈ ਨੂੰ ਆਕਾਰ ਦਿੱਤਾ। ਇਸ ਫਿਲਮ ਰਾਹੀਂ ਮੇਰਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਹਿੰਮਤ ਅਤੇ ਸੱਚ ਲਈ ਉਨ੍ਹਾਂ ਦੀ ਲੜਾਈ ਬਾਰੇ ਜਾਣੂ ਕਰਵਾਉਣਾ ਸੀ।"