ਬੱਬੂ ਮਾਨ ਦਾ ਐਲਾਨ, ਕਿਸਾਨਾਂ ''ਤੇ ਡਾਂਗਾਂ ਵਰ੍ਹਾਉਣ ਵਾਲੇ ਪੁਲਸ ਮੁਲਾਜ਼ਮਾਂ ਦਾ ਕੀਤਾ ਜਾਵੇ ਬਾਈਕਾਟ
Monday, Aug 30, 2021 - 05:06 PM (IST)
ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋ ਗਏ ਹਨ ਪਰ ਕੇਂਦਰ ਸਰਕਾਰ ਆਪਣੇ ਹੰਕਾਰਪੁਣੇ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਚੱਲਦਿਆਂ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਆਵਾਜ਼ ਲਗਾਤਾਰ ਬੁਲੰਦ ਕਰ ਰਹੇ ਹਨ ਪਰ ਬੀਤੇ ਦਿਨੀਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਮੁਜ਼ਹਾਰਾ ਦੇਖਣ ਨੂੰ ਮਿਲਿਆ।
ਕਰਨਾਲ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪੂਰੇ ਦੇਸ਼ 'ਚ ਵਿਰੋਧ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਵੀ ਲਾਠੀਚਾਰਜ ਦੇ ਵਿਰੋਧ 'ਚ ਵੱਡਾ ਐਲਾਨ ਕੀਤਾ ਹੈ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਡਾਂਗ ਵਰ੍ਹਉਣ ਵਾਲੇ ਹਰ ਪੁਲਸ ਮੁਲਾਜ਼ਮ ਦਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਮਾਜਿਕ ਪੱਧਰ 'ਤੇ ਬਾਈਕਾਟ ਕੀਤਾ ਜਾਵੇ। ਮੈਂ ਅੱਜ ਤੋਂ ਕਰਦਾ ਹਾਂ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਹਰ ਸਿਆਸੀ ਜਮਾਤ ਦਾ ਬਾਈਕਾਟ ਕੀਤਾ ਜਾਵੇ।''
ਦੱਸਣਯੋਗ ਹੈ ਕਿ ਇਸ ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸਿਰ ਫੱਟੇ, ਜਿਨ੍ਹਾਂ 'ਚੋਂ ਇਕ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨਾਂ ਨਾਲ ਹੋਈ ਇਸ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ।