ਮੁੜ ਬੰਬੇ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ, ਜਾਣੋ ਕੀ ਹੈ ਮਾਮਲਾ?
Thursday, Jul 22, 2021 - 03:46 PM (IST)
ਮੁੰਬਈ (ਬਿਊਰੋ)- ਇਹ ਤਾਂ ਸਾਰੇ ਜਾਣਦੇ ਹਨ ਕਿ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਕਾਨੂੰਨੀ ਮਾਮਲੇ ‘ਚ ਕੰਗਨਾ ਘਿਰੀ ਰਹਿੰਦੀ ਹੈ। ਹਾਲ ਹੀ ‘ਚ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖਤਰ ਵਲੋਂ ਉਸ ਦੇ ਖ਼ਿਲਾਫ਼ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਇਕ ਸਿਟੀ ਮੈਜਿਸਟਰੇਟ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ‘ਚ ਪਹੁੰਚ ਕੀਤੀ ਹੈ।
ਵਕੀਲ ਰਿਜ਼ਵਾਨ ਸਿੱਦੀਕੀ ਵਲੋਂ ਦਾਇਰ ਕੀਤੀ ਗਈ ਅਪੀਲ ‘ਚ ਕੰਗਨਾ ਰਣੌਤ ਨੇ ਦਾਅਵਾ ਕੀਤਾ ਹੈ ਕਿ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੇ ਸਿਰਫ ਪੁਲਸ ਦੀ ਰਿਪੋਰਟ 'ਤੇ ਨਿਰਭਰ ਕਰਦਿਆਂ ਕਾਰਵਾਈ ਕੀਤੀ ਤੇ ਗਵਾਹਾਂ ਦੀ ਜਾਂਚ ਨਹੀਂ ਕੀਤੀ।
ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ ਮਹੀਨੇ ‘ਚ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਕੋਲ ਇਕ ਟੈਲੀਵੀਜ਼ਨ ਇੰਟਰਵਿਊ ‘ਚ ਉਸ ਨੂੰ ਬਦਨਾਮ ਕਰਨ ਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਨੇ ਕੀਤਾ ਆਪਣੀ ਐਲਬਮ ਦਾ ਐਲਾਨ, ਨਾਂ ਰੱਖਿਆ ‘ਮਜ਼ਾਕ ਥੋਡ਼ੀ ਐ’
ਉਸ ਤੋਂ ਬਾਅਦ ਦਸੰਬਰ ‘ਚ ਅਦਾਲਤ ਨੇ ਜੁਹੂ ਪੁਲਸ ਨੂੰ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਪੁਲਸ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਇਸ ਕੇਸ 'ਤੇ ਹੋਰ ਜਾਂਚ ਦੀ ਲੋੜ ਹੈ ਤੇ ਅਦਾਲਤ ਨੇ ਕੰਗਨਾ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਤੇ ਫਰਵਰੀ 2021 ‘ਚ ਉਸ ਨੂੰ ਸੰਮਨ ਜਾਰੀ ਕੀਤਾ।
ਕੰਗਨਾ ਰਣੌਤ ਨੇ ਅਪੀਲ ‘ਚ ਕਿਹਾ, ‘ਮੈਟਰੋਪੋਲੀਟਨ ਮੈਜਿਸਟਰੇਟ ਨੇ ਜਾਂਚ ਕਰਨ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ, ਸਗੋਂ ਦਸਤਖ਼ਤ ਕੀਤੇ ਗਵਾਹਾਂ ਦੇ ਬਿਆਨਾਂ ਨੂੰ ਇਕੱਠਾ ਕਰਨ ਲਈ ਪੁਲਸ ਮਸ਼ੀਨਰੀ ਦੀ ਵਰਤੋਂ ਕੀਤੀ।’ ਹਾਈ ਕੋਰਟ ਵਲੋਂ ਅਗਲੇ ਹਫਤੇ ਕੰਗਨਾ ਰਣੌਤ ਦੀ ਅਪੀਲ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ।
ਨੋਟ- ਕੰਗਨਾ ਰਣੌਤ ਤੇ ਜਾਵੇਦ ਅਖਤਰ ਦੇ ਕੇਸ ‘ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।