ਕੰਗਨਾ ਰਣੌਤ ਮੁੜ ਵਿਵਾਦਾਂ ’ਚ, ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਅਦਾਲਤ ਨੇ ਭੇਜਿਆ ਸੰਮਨ

Monday, Feb 01, 2021 - 04:08 PM (IST)

ਕੰਗਨਾ ਰਣੌਤ ਮੁੜ ਵਿਵਾਦਾਂ ’ਚ, ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਅਦਾਲਤ ਨੇ ਭੇਜਿਆ ਸੰਮਨ

ਮੁੰਬਈ (ਬਿਊਰੋ)– ਇਥੋਂ ਦੀ ਇਕ ਅਦਾਲਤ ਨੇ ਗੀਤਕਾਰ ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਅਦਾਕਾਰਾ ਕੰਗਨਾ ਰਣੌਤ ਨੂੰ ਸੋਮਵਾਰ ਨੂੰ ਸੰਮਨ ਜਾਰੀ ਕੀਤਾ ਹੈ। ਸ਼ਹਿਰੀ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਜਾਵੇਦ ਅਖ਼ਤਰ ਵਲੋਂ ਅਦਾਕਾਰਾ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕਥਿਤ ਮਾਣਹਾਨੀ ਦਾ ਮੁਕੱਦਮਾ ਬਣਦਾ ਹੈ ਤੇ ਇਸ ’ਚ ਹੋਰ ਜਾਂਚ ਦੀ ਲੋੜ ਹੈ।

ਅੰਧੇਰੀ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਨੇ ਦਸੰਬਰ, 2020 ’ਚ ਜੁਹੂ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਉਹ ਪਿਛਲੇ ਸਾਲ ਨਵੰਬਰ ’ਚ ਅਦਾਲਤ ਦੇ ਸਾਹਮਣੇ ਕੰਗਨਾ ਖ਼ਿਲਾਫ਼ ਦਾਇਰ ਮਾਣਹਾਨੀ ਦੀ ਸ਼ਿਕਾਇਤ ਦੀ ਜਾਂਚ ਕਰੇ। ਪੁਲਸ ਨੇ ਅਦਾਲਤ ਨੂੰ ਸੋਮਵਾਰ ਨੂੰ ਸੌਂਪੀ ਆਪਣੀ ਰਿਪੋਰਟ ’ਚ ਕਿਹਾ ਕਿ ਕੰਗਨਾ ਦੇ ਖ਼ਿਲਾਫ਼ ਸ਼ਿਕਾਇਤਕਰਤਾ ਵਲੋਂ ਲਗਾਏ ਗਏ ਕਥਿਤ ਦੋਸ਼ਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 1 ਮਾਰਚ ਤੈਅ ਕੀਤੀ ਹੈ। ਅਖ਼ਤਰ ਦੇ ਵਕੀਲ ਜੈ ਕੁਮਾਰ ਭਾਰਦਵਾਜ ਨੇ ਸੋਮਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਪੁਲਸ ਨੇ ਪਿਛਲੇ ਮਹੀਨੇ ਕੰਗਨਾ ਨੂੰ ਸੰਮਨ ਜਾਰੀ ਕੀਤੇ ਸਨ, ਜਿਸ ’ਚ ਉਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਅਦਾਕਾਰਾ ਨੇ ਇਸ ਸਬੰਧੀ ਅਜੇ ਤਕ ਕੋਈ ਜਵਾਬ ਨਹੀਂ ਦਿੱਤਾ ਹੈ।

ਅਖ਼ਤਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਕੰਗਨਾ ਨੇ ਪਿਛਲੇ ਸਾਲ ਜੂਨ ਮਹੀਨੇ ’ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਕ ਇੰਟਰਵਿਊ ’ਚ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਗੀਤਕਾਰ ਨੇ ਦਾਅਵਾ ਕੀਤਾ ਸੀ ਕਿ ਕੰਗਨਾ ਵਲੋਂ ਕੀਤੀਆਂ ਗਈਆਂ ‘ਆਧਾਰਹੀਨ ਟਿੱਪਣੀਆਂ’ ਨਾਲ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚੀ ਹੈ।

ਨੋਟ– ਕੰਗਨਾ ਰਣੌਤ ਨੂੰ ਜਾਵੇਦ ਅਖ਼ਤਰ ਵਲੋਂ ਭੇਜੇ ਗਏ ਸੰਮਨ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News