ਜਾਵੇਦ ਅਖਤਰ ਮਾਣਹਾਨੀ ਕੇਸ : ਕੰਗਨਾ ਨੇ ਅਦਾਲਤ ’ਚ ਪੇਸ਼ੀ ਤੋਂ ਪੱਕੇ ਤੌਰ ’ਤੇ ਛੋਟ ਲਈ ਪਟੀਸ਼ਨ ਕੀਤੀ ਦਾਇਰ

Saturday, Jun 26, 2021 - 05:31 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਫਿਲਮਾਂ ਦੇ ਨਾਲ-ਨਾਲ ਅੱਜਕਲ ਉਹ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਵੀ ਸੁਰਖੀਆਂ ’ਚ ਹੈ। ਕੰਗਨਾ ਨੇ ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਵਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ’ਚ ਇਕ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਹੋਣ ਤੋਂ ਸਥਾਈ ਛੋਟ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਰਿਜਵਾਨ ਸਿੱਦੀਕੀ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ ’ਚ ਕੰਗਨਾ ਨੇ ਅਦਾਲਤ ’ਚ ਪੇਸ਼ ਹੋਣ ਤੋਂ ਇਹ ਕਹਿ ਕੇ ਸਥਾਈ ਛੋਟ ਦੀ ਮੰਗ ਕੀਤੀ ਹੈ ਕਿ ਉਸ ਨੂੰ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਲਈ ਵਿਦੇਸ਼ ਦੇ ਨਾਲ-ਨਾਲ ਦੇਸ਼ ਦੀ ਯਾਤਰਾ ਦੀ ਜ਼ਰੂਰਤ ਹੈ।

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਸ ਨੂੰ ਅਦਾਲਤ ’ਚ ਬਾਕਾਇਦਾ ਪੇਸ਼ ਹੋਣ ਲਈ ਦੂਰ-ਦੁਰਾਡੇ ਥਾਵਾਂ ਤੋਂ ਮੁੰਬਈ ਆਉਣਾ ਪਵੇਗਾ। ਇਹ ਉਸ ਲਈ ਮੁਸੀਬਤ ਦਾ ਕਾਰਨ ਬਣੇਗੀ, ਨਾਲ ਹੀ ਉਹ ਫ਼ਿਲਮਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਨਹੀਂ ਕਰ ਸਕੇਗੀ। ਇਸ ਨਾਲ ਉਸ ਦਾ ਤੇ ਪ੍ਰੋਡਕਸ਼ਨ ਹਾਊਸ ਦਾ ਬਹੁਤ ਵਿੱਤੀ ਨੁਕਸਾਨ ਹੋਵੇਗਾ। ਉਸ ਦਾ ਕਹਿਣਾ ਹੈ ਕਿ ਉਸ ਦੀ ਗੈਰ-ਹਾਜ਼ਰੀ ਮੁਕੱਦਮੇ ਦੀ ਕਾਰਵਾਈ ਦੇ ਰਾਹ ਨਹੀਂ ਆਵੇਗੀ ਤੇ ਉਹ ਆਪਣੇ ਵਕੀਲ ਰਾਹੀਂ ਪੇਸ਼ ਹੋਵੇਗੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਉਸ ਨੂੰ 25 ਜੂਨ ਦੀ ਪੇਸ਼ੀ ਲਈ ਨਿੱਜੀ ਤੌਰ ’ਤੇ ਪੇਸ਼ ਨਾ ਹੋਣ ਦੀ ਇਜਾਜ਼ਤ ਦਿੱਤੀ ਸੀ। ਪੱਕੇ ਤੌਰ ’ਤੇ ਛੋਟ ਦੀ ਬੇਨਤੀ ਨੂੰ 27 ਜੁਲਾਈ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਉਸ ਨੇ ਕਿਹਾ ਹੈ ਕਿ ਇਸ ਦੇ ਕਾਰਨ ਉਹ ਸਰੀਰਕ ਤੌਰ ’ਤੇ ਪੇਸ਼ੀ ’ਤੇ ਸ਼ਾਮਲ ਨਹੀਂ ਹੋ ਸਕਦੀ। ਹਾਲਾਂਕਿ ਜਾਵੇਦ ਅਖਤਰ ਦੇ ਵਕੀਲ ਨੇ ਇਸ ਬੇਨਤੀ ਦਾ ਵਿਰੋਧ ਕੀਤਾ ਸੀ ਪਰ ਮੁੰਬਈ ਦੀ ਅਦਾਲਤ ਨੇ ਮਹਾਮਾਰੀ ਨਿਯਮਾਂ ਦੇ ਕਾਰਨ ਉਸ ਦੀ ਪਟੀਸ਼ਨ ਨੂੰ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ।

ਦੱਸ ਦੇਈਏ ਕਿ ਜਾਵੇਦ ਅਖਤਰ ਨੇ ਕੰਗਨਾ ਰਣੌਤ ’ਤੇ ਉਸ ਦੇ ਬਾਰੇ ਗਲਤ ਬਿਆਨਬਾਜ਼ੀ ਕਰਨ ਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਦਰਅਸਲ ਪਿਛਲੇ ਸਾਲ ਜੂਨ ਮਹੀਨੇ ’ਚ ਕੰਗਨਾ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ’ਚ ਇਕ ਧੜੇ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਜਾਵੇਦ ਅਖਤਰ ਬਾਰੇ ਵੀ ਬਹੁਤ ਗੰਭੀਰ ਬਿਆਨ ਦਿੱਤੇ। ਕੰਗਨਾ ਦੀ ਤਰਫੋਂ ਇਹ ਕਿਹਾ ਗਿਆ ਸੀ ਕਿ ਜਾਵੇਦ ਅਖਤਰ ਨੇ ਉਸ ਨੂੰ ਘਰ ਬੁਲਾ ਕੇ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਗੀਤਕਾਰ ਨੇ ਉਸ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ’ਚ ਹੈ। ਪਾਸਪੋਰਟ ਰੀਨਿਊ ਦੇ ਮਾਮਲੇ ’ਚ ਕੰਗਨਾ ਕੁਝ ਸਮਾਂ ਪਹਿਲਾਂ ਅਦਾਲਤ ’ਚ ਵੀ ਪਹੁੰਚੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News