'ਕੰਚਨਾ 3' ਫੇਮ ਅਲੈਕਜੈਂਡਰ ਡਜਵੀ ਦਾ ਹੋਇਆ ਦਿਹਾਂਤ, ਗੋਆ 'ਚ ਮਿਲੀ ਲਾਸ਼
Tuesday, Aug 24, 2021 - 10:27 AM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਅਲੈਕਜੈਂਡਰ ਡਜਵੀ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਲਾਸ਼ ਸ਼ੱਕੀ ਹਾਲਾਤ ’ਚ ਗੋਆ ਦੇ ਇਕ ਅਪਾਰਟਮੈਂਟ ਤੋਂ ਮਿਲੀ। ਇਸ ਅਪਾਰਟਮੈਂਟ ’ਚ ਅਲੈਕਜੈਂਡਰ ਕਿਰਾਏ ’ਤੇ ਰਹਿੰਦੀ ਸੀ। ਇਕ ਰਿਪੋਰਟ ’ਚ ਦੋ ਔਰਤਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ ਪਰ ਉਸ ’ਚ ਉਸ ਸਮੇਂ ਇਹ ਖ਼ੁਲਾਸਾ ਨਹੀਂ ਹੋਇਆ ਸੀ ਕਿ ਉਨ੍ਹਾਂ ’ਚੋਂ ਇਕ ਅਦਾਕਾਰਾ ਅਲੈਕਜ਼ੈਂਡਰ ਹੈ। ਜ਼ਿਕਰਯੋਗ ਹੈ ਕਿ ਉਹ ਸਾਊਥ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਰਾਘਵ ਲਾਰੈਂਸ ਦੀ ਫਿਲਮ ‘ਕੰਚਨਾ 3’ ’ਚ ਬਤੌਰ ਅਦਾਕਾਰਾ ਕੰਮ ਕਰ ਚੁੱਕੀ ਹੈ।
ਰਿਪੋਰਟ ਅਨੁਸਾਰ ਪੁਲਸ ਨੂੰ ਅਲੈਕਜ਼ੈਂਡਰ ਦੀ ਲਾਸ਼ ਉਸ ਦੇ ਅਪਾਰਟਮੈਂਟ ’ਚ ਲਟਕਦੀ ਹੋਈ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਅਲੈਕਜ਼ੈਂਡਰ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਜਾਂਚਕਰਤਾ ਫਿਲਹਾਲ ਪੋਸਟਮਾਰਟਮ ਰਿਪੋਰਟ ਆਉਣ ਦੀ ਉਡੀਕ ਕਰ ਰਹੇ ਹਨ। ਗੋਆ ਪੁਲਸ ਨੇ ਰੂਸੀ ਦੂਤਘਰ ਨੂੰ ਪੋਸਟਮਾਰ ਟੀ ਦੀਆਂ ਕਾਨੂੰਨੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਇਕ ਰਸਮੀ ਵਫ਼ਦ ਨਿਯੁਕਤ ਕਰਨ ਲਈ ਕਿਹਾ ਹੈ, ਕਿਉਂਕਿ ਅਲੈਕਜ਼ੈਂਡਰ ਦਾ ਇੱਥੇ ਕੋਈ ਨਹੀਂ ਹੈ, ਜਿਸ ਤੋਂ ਪੋਸਟਮਾਰਟਮ ਲਈ ਜ਼ਰੂਰੀ ਕਾਗਜ਼ਾਂ ’ਤੇ ਦਸਤਖਤ ਕਰਵਾਏ ਜਾ ਸਕਣ।
ਉਧਰ ਰੂਸੀ ਕੰਸਲੇਟ ਨੇ ਮੀਡੀਆ ਨੂੰ ਦੱਸਿਆ ਕਿ ਅਲੈਕਜ਼ੈਂਡਰ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਉਨ੍ਹਾਂ ਦੇ ਪਰਿਵਾਰ ਵੱਲੋਂ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਹੀ ਪੂਰੀ ਕੀਤੀ ਜਾਵੇਗੀ। ਨਾਰਥ ਗੋਆ ਦੇ ਐੱਸ.ਪੀ ਸ਼ੋਭਿਤ ਸਕਸੈਨਾ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਸਾਨੂੰ ਅਜੇ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਗੜਬੜੀ ਦਾ ਸ਼ੱਕ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਅਸੀਂ ਦੂਤਘਰ ਦੇ ਰੂਸੀ ਨੁਮਾਇੰਦਿਆਂ ਦੇ ਬਿਆਨ ਅਤੇ ਮੈਡੀਕੋ-ਲੀਗਲ ਟੈਸਟ ਰਾਹੀਂ ਮੌਤ ਦੇ ਕਾਰਨ ’ਤੇ ਆਖ਼ਰੀ ਫ਼ੈਸਲਾ ਲਵਾਂਗੇ।
ਇਸ ਦੌਰਾਨ ਰੂਸੀ ਕੰਸਲੇਟ ਦੇ ਵਕੀਲ ਵਿਕਰਮ ਵਰਮਾ ਨੇ ਇਸ ਮਾਮਲੇ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਕੀਤਾ ਹੈ। ਏ.ਐੱਨ.ਆਈ ਦੀ ਰਿਪੋਰਟ ਅਨੁਸਾਰ ਉਸ ਨੇ ਦੱਸਿਆ ਕਿ ਅਲੈਕਜ਼ੈਂਡਰ ਨੇ ਸਾਲ 2019 ’ਚ ਇਕ ਫੋਟੋਗ੍ਰਾਫਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਲੈਕਜ਼ੈਂਡਰ ਦਾ ਦੋਸ਼ ਸੀ ਕਿ ਉਹ ਫੋਟੋਗ੍ਰਾਫਰ ਸੈਕਸੁਅਲ ਫੇਵਰਜ਼ ਲਈ ਉਸ ਨੂੰ ਬਲੈਕਮੇਲ ਕਰ ਰਿਹਾ ਸੀ।