ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਗਾਇਕ ਜੱਸ ਬਾਜਵਾ ਨੇ ਸ਼ੁਰੂ ਕੀਤੀ ''ਹੋਕਾ ਮੁਹਿੰਮ''

Saturday, May 22, 2021 - 03:01 PM (IST)

ਮੋਰਿੰਡਾ (ਕਮਲਜੀਤ ਅਰਨੋਲੀ)- ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਤੇ ਲੋਕਾਂ ਨੂੰ ਦਿੱਲੀ ਅੰਦੋਲਨ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਪ੍ਰਸਿੱਧ ਪਜਾਬੀ ਗਾਇਕ ਜੱਸ ਬਾਜਵਾ ਵਲੋਂ 'ਹੋਕਾ' ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਚਲਦਿਆਂ ਜੱਸ ਬਾਜਵਾ ਵਲੋਂ ਆਪਣੇ ਸਾਥੀਆਂ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ।

ਇਸ ਦੇ ਚਲਦਿਆਂ ਜੱਸ ਬਾਜਵਾ ਵਲੋਂ ਮੋਰਿੰਡਾ ਬਲਾਕ ਦੇ ਪਿੰਡ ਢੰਗਰਾਲੀ, ਕਕਰਾਲੀ ਆਦਿ 'ਚ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਅਰਦਾਸ ਕਰਦਿਆਂ ਲੋਕਾਂ ਨੂੰ ਕਿਸਾਨੀ ਅੰਦੋਲਨ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ।

ਇਸ ਉਪਰੰਤ ਜੱਸ ਬਾਜਵਾ ਨੇ ਜੱਟ ਮਹਾ ਸਭਾ ਪੰਜਾਬ ਦੇ ਜਨਰਲ ਸਕੱਤਰ ਰਣਜੋਧ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਲਹਿਰ ਪੰਜਾਬ ਤੋਂ ਸ਼ੁਰੂ ਹੋਈ ਸੀ ਤੇ ਅਸੀਂ ਮੰਜ਼ਿਲ ਦੇ ਨੇੜੇ ਸੀ ਪਰ ਕੁਝ ਅਜਿਹਾ ਹੋਇਆ ਕਿ ਪੰਜਾਬ ਦੇ ਲੋਕ ਹੀ ਅੰਦੋਲਨ ਤੋਂ ਪਿੱਛੇ ਮੁੜਨ ਲੱਗੇ, ਜੋ ਗਲਤ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸਾਨ ਅੰਦੋਲਨ ਦੀ ਜੰਗ ਨਾ ਜਿੱਤ ਸਕੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਇਸ ਲਈ ਸਾਨੂੰ ਇਹ ਲੜਾਈ ਆਪਣੇ ਲਈ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੇ ਆਪਣੇ ਬੱਚਿਆਂ ਲਈ ਨਾ ਸਿਰਫ ਲੜਨੀ ਚਾਹੀਦੀ ਹੈ, ਸਗੋਂ ਜਿੱਤਣੀ ਵੀ ਪਵੇਗੀ। ਜੱਸ ਬਾਜਵਾ ਨੇ ਕਿਹਾ ਕਿ ਜੇਕਰ ਅੰਦੋਲਨ 'ਚ ਦੁਬਾਰਾ ਜਾਨ ਫੂਕਨੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਕੋਈ ਨਵਾਂ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।

ਨੋਟ- ਜੱਸ ਬਾਜਵਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News