ਹਰ ਹਫ਼ਤੇ ਅੱਜ ਵੀ ਆਪਣੇ ਪੁਰਾਣੇ ਘਰ ਜਾਂਦੈ ਜੈਕੀ ਸ਼ਰਾਫ, ਵੱਡੇ ਭਰਾ ਦੀ ਮੌਤ ਦਾ ਜ਼ਿੰਦਗੀ ''ਤੇ ਪਿਆ ਡੂੰਘਾ ਅਸਰ

02/01/2022 11:13:35 AM

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਬਾਲੀਵੁੱਡ ਦੇ ਵੱਡੇ ਕਲਾਕਾਰਾਂ 'ਚ ਗਿਣੇ ਜਾਂਦੇ ਹਨ। ਜੈਕੀ ਸ਼ਰਾਫ ਨੇ ਕਈ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਜੈਕੀ ਸ਼ਰਾਫ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦਾ ਜਨਮ 1 ਫਰਵਰੀ 1957 ਨੂੰ ਮੁੰਬਈ 'ਚ ਹੋਇਆ ਸੀ। ਜੈਕੀ ਸ਼ਰਾਫ ਦਾ ਅਸਲੀ ਨਾਂ 'ਜੈ ਕਿਸ਼ਨ ਕਾਕੂਭਾਈ' ਹੈ।

ਭਰਾ ਦੀ ਮੌਤ ਨੇ ਪਹੁੰਚਾਇਆ ਗਹਿਰਾ ਸਦਮਾ
ਜੈਕੀ ਸ਼ਰਾਫ ਦੇ ਪਿਤਾ ਇੱਕ ਗੁਜਰਾਤੀ ਸਨ ਅਤੇ ਮਾਤਾ ਕਜ਼ਾਕਿਸਤਾਨ ਦੀ ਇੱਕ ਤੁਰਕ ਸੀ। ਜੈਕੀ ਸ਼ਰਾਫ ਦੇ ਪਿਤਾ ਮੁੰਬਈ ਦੇ ਮਸ਼ਹੂਰ ਜੋਤਸ਼ੀ ਸਨ। ਜੈਕੀ ਸ਼ਰਾਫ ਦੇ ਦੋ ਭਰਾ ਸਨ ਪਰ 17 ਸਾਲ ਦੀ ਉਮਰ 'ਚ ਉਨ੍ਹਾਂ ਦੇ ਵੱਡੇ ਭਰਾ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਭਰਾ ਦੀ ਮੌਤ ਦਾ ਜੈਕੀ ਸ਼ਰਾਫ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਹਰ ਚੀਜ਼ ਤੋਂ ਡਰਦੇ ਸਨ।

PunjabKesari

ਮਾਂ ਘਰਾਂ 'ਚ ਕੰਮ ਕਰਕੇ ਕਰਦੀ ਸੀ ਫੀਸ ਇਕੱਠੀ
ਆਰਥਿਕ ਹਾਲਤ ਖਰਾਬ ਹੋਣ ਕਾਰਨ ਜੈਕੀ ਸ਼ਰਾਫ ਦੀ ਸ਼ੁਰੂਆਤੀ ਜ਼ਿੰਦਗੀ ਮੁਸੀਬਤ 'ਚੋਂ ਨਿਕਲੀ ਹੈ। ਜੈਕੀ ਸ਼ਰਾਫ ਦੀ ਮਾਂ ਘਰਾਂ 'ਚ ਕੰਮ ਕਰਦੀ ਸੀ ਅਤੇ ਸਕੂਲ ਦੀ ਫੀਸ ਇਕੱਠੀ ਕਰਦੀ ਸੀ। ਉਸ ਸਮੇਂ ਅਦਾਕਾਰ ਦਾ ਪਰਿਵਾਰ ਮੁੰਬਈ ਦੇ ਮਾਲਾਬਾਰ ਹਿੱਲ ਟੀਨ ਬੱਤੀ ਇਲਾਕੇ 'ਚ ਰਹਿੰਦਾ ਸੀ। ਜੈਕੀ ਸ਼ਰਾਫ ਦਾ ਪੂਰਾ ਪਰਿਵਾਰ ਇੱਥੇ 10X10 ਸ਼ੈੱਲ 'ਚ ਰਹਿੰਦਾ ਸੀ। ਉਨ੍ਹਾਂ ਦਾ ਸਾਰਾ ਪਾਲਣ-ਪੋਸ਼ਣ ਇੱਥੇ ਹੋਇਆ। ਇਸ ਕਾਰਨ ਜੈਕੀ ਸ਼ਰਾਫ ਅੱਜ ਵੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਹਫ਼ਤੇ 'ਚ 2-3 ਦਿਨ ਆਪਣੇ ਪੁਰਾਣੇ ਘਰ ਆਉਂਦੇ ਹਨ।

PunjabKesari

ਮਾਡਲਿੰਗ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ
ਜੈਕੀ ਸ਼ਰਾਫ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਮਾਡਲਿੰਗ ਕੀਤੀ। ਹਾਲਾਂਕਿ ਜੈਕੀ ਸ਼ਰਾਫ ਦੀ ਲੀਡ ਐਕਟਰ ਦੇ ਤੌਰ 'ਤੇ ਡੈਬਿਊ ਫ਼ਿਲਮ ਸਾਲ 1983 'ਚ 'ਹੀਰੋ' ਮੰਨੀ ਜਾਂਦੀ ਹੈ ਪਰ ਇਸ ਫ਼ਿਲਮ ਤੋਂ ਪਹਿਲਾਂ ਉਨ੍ਹਾਂ ਨੇ ਦਿੱਗਜ ਅਦਾਕਾਰ ਦੇਵ ਆਨੰਦ ਦੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਸੀ। 
ਮੀਡੀਆ ਰਿਪੋਰਟਾਂ ਮੁਤਾਬਕ, ਦੇਵ ਆਨੰਦ ਨੇ ਜੈਕੀ ਸ਼ਰਾਫ ਨੂੰ ਪਹਿਲੀ ਵਾਰ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ। ਉਹ ਦੇਵ ਆਨੰਦ ਦੀ ਹੀਰਾ-ਪੰਨਾ ਅਤੇ ਸਵਾਮੀ ਦਾਦਾ 'ਚ ਸੰਖੇਪ ਰੂਪ 'ਚ ਨਜ਼ਰ ਆਏ। ਇਸ ਤੋਂ ਬਾਅਦ ਜੈਕੀ ਸ਼ਰਾਫ ਨੂੰ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਨੇ ਫ਼ਿਲਮ 'ਹੀਰੋ' 'ਚ ਵੱਡਾ ਮੌਕਾ ਦਿੱਤਾ। ਫ਼ਿਲਮ ਨੂੰ ਵੱਡੇ ਪਰਦੇ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਜੈਕੀ ਸ਼ਰਾਫ ਹੁਣ ਤੱਕ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari

ਇੰਨ੍ਹਾਂ ਫ਼ਿਲਮਾਂ ਨੇ ਕੀਤਾ ਫ਼ਿਲਮ ਇੰਡਸਟਰੀ 'ਚ ਮਸ਼ਹੂਰ
'ਕਰਮ', 'ਜਵਾਬ ਹਮ ਦੇਂਗੇ', 'ਕਾਸ਼', 'ਰਾਮ ਲਖਨ', 'ਪਰਿੰਦਾ', 'ਮੈਂ ਤੇਰਾ ਦੁਸ਼ਮਣ', 'ਤ੍ਰਿਦੇਵ', 'ਵਰਦੀ', 'ਦੁੱਧ ਦਾ ਕਰਜ਼ਾ', 'ਸੌਦਾਗਰ', 'ਬਾਦਸ਼ਾਹ', 'ਅੰਕਲ', 'ਖਲਨਾਇਕ', 'ਗਰਦੀਸ਼', 'ਤ੍ਰਿਮੂਰਤੀ', 'ਰੰਗੀਲਾ' ਸਮੇਤ ਕਈ ਫ਼ਿਲਮਾਂ ਨੇ ਜੈਕੀ ਸ਼ਰਾਫ ਨੂੰ ਕਾਫ਼ੀ ਮਸ਼ਹੂਰ ਕੀਤਾ। ਜੈਕੀ ਸ਼ਰਾਫ ਨੂੰ ਆਪਣੇ ਕਰੀਅਰ 'ਚ ਕਈ ਐਵਾਰਡ ਮਿਲ ਚੁੱਕੇ ਹਨ। ਉਨ੍ਹਾਂ ਨੂੰ ਪਹਿਲੀ ਵਾਰ 1990 'ਚ ਫ਼ਿਲਮ 'ਪਰਿੰਦਾ' ਲਈ 'ਸਰਵੋਤਮ ਅਦਾਕਾਰ' ਦਾ ਐਵਾਰਡ ਮਿਲਿਆ ਸੀ।

PunjabKesari
 ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News