ਮਾਂ ਬਣਨ ਤੋਂ ਬਾਅਦ ਪਹਿਲਾਂ ਵਰਗਾ ਬਣਨਾ ਹੁਣ ਅਸੰਭਵ : ਆਲੀਆ ਭੱਟ
Saturday, Jan 31, 2026 - 09:37 AM (IST)
ਮੁੰਬਈ - ਬਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਆਲੀਆ ਭੱਟ ਅੱਜਕੱਲ੍ਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਆਲੀਆ ਨੇ ਖੁਲਾਸਾ ਕੀਤਾ ਕਿ ਉਹ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਵੇਰੇ ਉੱਠ ਕੇ ਉਨ੍ਹਾਂ ਦੇ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਉਹ ਸਿਰਫ਼ ਇਕ ਅਜਿਹੀ ਅਦਾਕਾਰਾ ਬਣ ਕੇ ਰਹਿਣ ਜੋ ਸਿਰਫ਼ ਆਪਣੀ ਅਦਾਕਾਰੀ 'ਤੇ ਧਿਆਨ ਦੇਵੇ ਅਤੇ ਬਾਰ-ਬਾਰ ਹੋਣ ਵਾਲੀਆਂ ਚਰਚਾਵਾਂ ਵਿਚ ਨਾ ਉਲਝੇ।

ਆਲੀਆ ਨੇ ਦੱਸਿਆ ਕਿ ਉਹ ਚਾਹ ਕੇ ਵੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਇਸ ਲਈ ਡਿਲੀਟ ਨਹੀਂ ਕਰ ਸਕਦੀ ਕਿਉਂਕਿ ਇਸ ਨਾਲ ਉਨ੍ਹਾਂ ਸਾਰੇ ਲੋਕਾਂ ਨਾਲੋਂ ਸੰਪਰਕ ਟੁੱਟ ਜਾਵੇਗਾ ਜਿਨ੍ਹਾਂ ਨੇ ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਉਨ੍ਹਾਂ ਲਈ ਆਪਣੀ ਨਿੱਜੀ ਜ਼ਿੰਦਗੀ ਨੂੰ ਸਭ ਦੇ ਸਾਹਮਣੇ ਲਿਆਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ।

ਆਪਣੀ ਧੀ ਰਾਹਾ ਦੇ ਜਨਮ ਅਤੇ ਮਦਰਹੁੱਡ (ਮਾਂ ਬਣਨ) ਦੇ ਅਨੁਭਵ ਬਾਰੇ ਗੱਲ ਕਰਦਿਆਂ ਆਲੀਆ ਨੇ ਕਿਹਾ ਕਿ ਇਹ ਇਕ ਬਹੁਤ ਗਹਿਰਾ ਬਦਲਾਅ ਹੈ। ਉਨ੍ਹਾਂ ਮੁਤਾਬਕ, ਨੌਂ ਮਹੀਨਿਆਂ ਦੇ ਸਫ਼ਰ ਦੌਰਾਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਈ ਤਬਦੀਲੀਆਂ ਆਉਂਦੀਆਂ ਹਨ, ਪਰ ਜਦੋਂ ਤੁਸੀਂ ਆਪਣੇ ਬੱਚੇ ਨੂੰ ਦੇਖਦੇ ਹੋ ਤਾਂ ਪਹਿਲਾਂ ਵਰਗਾ ਬਣਨਾ ਲਗਭਗ ਅਸੰਭਵ ਹੋ ਜਾਂਦਾ ਹੈ। ਆਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਫੋਟੋ ਐਲਬਮ ਹੁਣ ਰਾਹਾ ਦੀਆਂ ਤਸਵੀਰਾਂ ਨਾਲ ਭਰੀ ਰਹਿੰਦੀ ਹੈ।

ਜੇਕਰ ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦੀ ਹੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਲਵ ਐਂਡ ਵਾਰ' ਵਿਚ ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਯਸ਼ ਰਾਜ ਫ਼ਿਲਮਜ਼ ਦੀ ਸਪਾਈ ਯੂਨੀਵਰਸ ਫ਼ਿਲਮ 'ਅਲਫ਼ਾ' ਵਿਚ ਸ਼ਰਵਰੀ ਅਤੇ ਬੌਬੀ ਦਿਓਲ ਨਾਲ ਕੰਮ ਕਰ ਰਹੀ ਹੈ। ਅਦਾਕਾਰੀ ਦੇ ਨਾਲ-ਨਾਲ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਮਿਲ ਕੇ ਪ੍ਰਾਈਮ ਵੀਡੀਓ ਲਈ ਇਕ ਰੋਮਾਂਟਿਕ ਕਾਮੇਡੀ ਫ਼ਿਲਮ 'ਡੋਟ ਬੀ ਸ਼ਾਈ' ਦਾ ਨਿਰਮਾਣ ਵੀ ਕਰ ਰਹੀ ਹੈ।
