''ਕਿਸਮਤ 2'' ''ਚ ਗੈਰੀ ਸੰਧੂ ਦੀ ਐਂਟਰੀ! ਸਰਗੁਣ ਮਹਿਤਾ ਤੇ ਤਾਨੀਆ ਨਾਲ ਆ ਸਕਦੇ ਨਜ਼ਰ
Monday, Apr 19, 2021 - 02:39 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਤੇ ਅਦਾਕਾਰ ਐਮੀ ਵਿਰਕ ਦੀ ਜੋੜੀ ਇਕ ਵਾਰ ਫ਼ਿਰ ਵੱਡੇ ਪਰਦੇ 'ਤੇ ਵੇਖਣ ਨੂੰ ਮਿਲੇਗੀ। ਦਰਅਸਲ, 24 ਸਤੰਬਰ 2021 ਨੂੰ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਸੁਪਰਹਿੱਟ ਫ਼ਿਲਮ 'ਕਿਸਮਤ' ਦੇ ਸੀਕੁਅਲ ਨਾਲ ਸਿਨੇਮਾਘਰਾਂ 'ਚ ਨਜ਼ਰ ਆਵੇਗੀ। ਫ਼ਿਲਮ 'ਕਿਸਮਤ' ਪੰਜਾਬੀ ਸਿਨੇਮਾ ਦੀ ਹੁਣ ਤਕ ਦੀ ਸਭ ਤੋਂ ਸਫ਼ਲ ਰੋਮਾਂਟਿਕ ਫ਼ਿਲਮ ਰਹੀ ਹੈ। 'ਕਿਸਮਤ 2' ਦੀ ਅਨਾਊਸਮੈਂਟ ਦੇ ਨਾਲ ਹੀ ਦਰਸ਼ਕਾਂ 'ਚ ਉਤਸੁਕਤਾ ਹੋਰ ਵੱਧ ਗਈ ਸੀ। ਹੁਣ ਲਗਦਾ ਹੈ ਇਸ ਉਤਸੁਕਤਾ ਦਾ ਪੱਧਰ ਹੋਰ ਵਧੇਗਾ। ਦਰਅਸਲ, ਇਸ ਫ਼ਿਲਮ 'ਚ ਹੁਣ ਪੰਜਾਬੀ ਗਾਇਕ ਗੈਰੀ ਸੰਧੂ ਵੀ ਨਜ਼ਰ ਆ ਸਕਦੇ ਹਨ।
ਖ਼ਬਰਾਂ ਮੁਤਾਬਕ ਗੈਰੀ ਸੰਧੂ ਫ਼ਿਲਮ 'ਕਿਸਮਤ 2' 'ਚ ਕੈਮਿਓ ਕਰਨ ਵਾਲੇ ਹਨ। 'ਕਿਸਮਤ 2' ਦੇ ਬਾਕੀ ਹਿੱਸਿਆਂ ਦੀ ਸ਼ੂਟਿੰਗ ਇੰਨ੍ਹੀਂ ਦਿਨੀਂ ਇੰਗਲੈਂਡ 'ਚ ਹੋ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਨਾਲ-ਨਾਲ ਗੈਰੀ ਸੰਧੂ ਵੀ ਇੰਨ੍ਹੀਂ ਦਿਨੀਂ ਇੰਗਲੈਂਡ 'ਚ ਹਨ। ਇੰਗਲੈਂਡ ਵਾਲੇ ਹਿੱਸੇ 'ਚ ਗੈਰੀ ਸੰਧੂ ਦੇ ਕਿਰਦਾਰ ਨੂੰ ਦਿਖਾਇਆ ਜਾਵੇ। ਹਾਲਾਂਕਿ ਹੁਣ ਤੱਕ ਨਾ 'ਕਿਸਮਤ' ਦੀ ਟੀਮ ਵਲੋਂ ਅਤੇ ਨਾ ਹੀ ਗੈਰੀ ਸੰਧੂ ਵਲੋਂ ਕੋਈ ਵੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਗੈਰੀ ਸੰਧੂ ਦੇ ਕਿਰਦਾਰ ਦਾ ਨਾਮ ਬਿੱਟੂ ਬਰਾੜ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਕਿਸਮਤ 2' ਦਾ ਇੰਤਜ਼ਾਰ ਦਰਸ਼ਕਾਂ ਨੂੰ ਬੇਸਬਰੀ ਨਾਲ ਹੈ। ਇਸ ਫ਼ਿਲਮ 'ਚ ਇਸ ਵਾਰ ਅਦਾਕਾਰਾ ਤਾਨੀਆ ਦਾ ਕਿਰਦਾਰ ਵੀ ਵੱਧ ਹੋਵੇਗਾ। ਪਿਛਲੀ ਫ਼ਿਲਮ 'ਚ ਤਾਨੀਆ ਦਾ ਸਿਰਫ਼ ਕੈਮਿਓ ਸੀ। ਜੇਕਰ ਤਾਲਾਬੰਦੀ ਕਾਰਨ ਸਿਨੇਮਾ ਦੀ ਹਾਲਤ ਹੋਰ ਨਾ ਵਿਗੜੀ ਤਾਂ 'ਕਿਸਮਤ 2' ਆਪਣੀ ਤੈਅ ਡੇਟ 'ਤੇ ਹੀ ਰਿਲੀਜ਼ ਹੋਵੇਗੀ।