ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

Sunday, Jan 14, 2024 - 01:18 PM (IST)

ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

ਮੁੰਬਈ (ਬਿਊਰੋ)– ਟਿਕਟ ਖਿੜਕੀ ਨਾਲ ਹੋਣ ਵਾਲੀ ਕਮਾਈ ਦੇ ਮਾਮਲੇ ’ਚ ਭਾਰਤੀ ਫ਼ਿਲਮਾਂ ਨੇ 2023 ’ਚ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ ਕਮਾਈ ਕੀਤੀ ਹੈ। ਦੇਸੀ ਫ਼ਿਲਮਾਂ ਦੀ ਕਲੈਕਸ਼ਨ ਸਾਰੇ ਮੁੱਖ ਯੂਰਪੀ ਦੇਸ਼ਾਂ ਤੋਂ ਵੀ ਜ਼ਿਆਦਾ ਰਹੀ। 2022 ਦੇ ਮੁਕਾਬਲੇ ਕਮਾਈ 20 ਫ਼ੀਸਦੀ ਜ਼ਿਆਦਾ ਰਹੀ। ਇਸ ਸਾਲ ਕਲੈਕਸ਼ਨ ਵਧਾਉਣ ’ਚ ਸਭ ਤੋਂ ਵੱਧ 43 ਫ਼ੀਸਦੀ ਯੋਗਦਾਨ ਹਿੰਦੀ ਫ਼ਿਲਮਾਂ ਦਾ ਰਿਹਾ। ਮਾਹਿਰ ਕਹਿੰਦੇ ਹਨ ਕਿ ਪੈਨ ਇੰਡੀਆ ਫ਼ਿਲਮਾਂ ਦੇ ਚਲਦਿਆਂ ਕਾਰੋਬਾਰ ਵਧਿਆ ਹੈ। ਅਗਲੇ 2-3 ਸਾਲਾਂ ’ਚ ਦੇਸ਼ ਦੀਆਂ ਫ਼ਿਲਮਾਂ ਦੀ ਸਾਲਾਨਾ ਕਮਾਈ 20 ਹਜ਼ਾਰ ਕਰੋੜ ਰੁਪਏ ਪਹੁੰਚ ਸਕਦੀ ਹੈ।

ਛੋਟੀਆਂ ਫ਼ਿਲਮਾਂ ਨੇ ਕੀਤਾ ਵੱਡਾ ਧਮਾਕਾ
ਫ਼ਿਲਮ ਮਾਹਿਰ ਕਹਿੰਦੇ ਹਨ ਕਿ ਫ਼ਿਲਮਾਂ ਭਾਸ਼ਾ ਦੀਆਂ ਕੰਧਾਂ ਤੋੜ ਰਹੀਆਂ ਹਨ। ਪੰਜਾਬੀ, ਮਰਾਠੀ ਭਾਸ਼ਾ ਦੀਆਂ ਫ਼ਿਲਮਾਂ ਵੀ ਹੈਰਾਨ ਕਰ ਰਹੀਆਂ ਹਨ। 3 ਕਰੋੜ ਦੇ ਬਜਟ ’ਚ ਬਣੀ ਮਰਾਠੀ ਫ਼ਿਲਮ ‘ਬਾਈਪਣ ਭਾਰੀ ਦੇਵਾ’ ਨੇ 90 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ। ਇਹ 2023 ’ਚ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀਆਂ ਫ਼ਿਲਮਾਂ ’ਚ ਸ਼ੁਮਾਰ ਰਹੀ। ‘12ਵੀਂ ਫੇਲ’ 20 ਕਰੋੜ ਰੁਪਏ ’ਚ ਬਣੀ ਤੇ 65 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। 15 ਕਰੋੜ ਰੁਪਏ ’ਚ ਬਣੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’, 50-50 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਤੇਲਗੂ ਫ਼ਿਲਮਾਂ ‘ਕੁਸ਼ੀ’ ਤੇ ‘ਬ੍ਰੋ’ ਨੇ 90 ਤੋਂ 180 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ। ਇਹ ਫ਼ਿਲਮਾਂ ਲਾਗਤ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ ਸ਼ੁਮਾਰ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖ਼ਿਲਾਫ਼ FIR ਦਰਜ, ਧੱਕਾ ਲੱਗਣ ਕਾਰਨ ਭਰਜਾਈ ਦੀ ਹੋਈ ਸੀ ਮੌਤ (ਵੀਡੀਓ)

ਟਿਕਟ ਵਿਕਰੀ ਪ੍ਰੀ ਕੋਵਿਡ ਲੈਵਲ ਤੋਂ 36.6 ਫ਼ੀਸਦੀ ਘੱਟ, ਟਿਕਟ 60 ਫ਼ੀਸਦੀ ਮਹਿੰਗੀ
ਬੇਸ਼ੱਕ ਫ਼ਿਲਮਾਂ ਨਾਲ ਹੋਣ ਵਾਲੀ ਕਮਾਈ ਨਵੇਂ ਰਿਕਾਰਡ ਬਣਾ ਰਹੀ ਹੋਵੇ ਪਰ ਟਿਕਟਾਂ ਦੀ ਵਿਕਰੀ ਪ੍ਰੀ ਕੋਵਿਡ ਲੈਵਲ ਯਾਨੀ 2019 ਦੇ ਮੁਕਾਬਲੇ 36.6 ਫ਼ੀਸਦੀ ਤਕ ਘੱਟ ਹਨ। ਹਾਲਾਂਕਿ ਟਿਕਟ ਦੀ ਕੀਮਤ 60 ਫ਼ੀਸਦੀ ਤਕ ਵਧੀ।

  • 2019 ’ਚ ਕੁਲ 146 ਕਰੋੜ ਟਿਕਟਾਂ ਵਿਕੀਆਂ ਸਨ। 2022 ’ਚ ਟਿਕਟਾਂ ਦੀ ਵਿਕਰੀ 89.2 ਕਰੋੜ ਰਹੀ। 2023 ’ਚ ਇਹ 92.5 ਕਰੋੜ ਹੋ ਗਈ।
  • 2019 ’ਚ ਦੇਸ਼ ’ਚ ਔਸਤ ਟਿਕਟ ਦੀ ਕੀਮਤ 80 ਰੁਪਏ ਸੀ। 2023 ’ਚ ਇਹ 128 ਰੁਪਏ ਹੋ ਚੁੱਕੀ ਹੈ।

ਹੁਣ ਕਰੀਅਰ ਸੰਘਰਸ਼ ’ਤੇ ਫ਼ਿਲਮਾਂ
ਬਾਲੀਵੁੱਡ ਬਦਲ ਰਿਹਾ ਹੈ। 2019 ’ਚ ਆਈ ‘ਕੋਟਾ ਫੈਕਟਰੀ’ ਤੋਂ ਬਾਅਦ ਐਜੂਕੇਸ਼ਨ ਦੇ ਰੂਪ ’ਚ ਬਾਲੀਵੁੱਡ ਨੂੰ ਨਵਾਂ ਵਿਸ਼ਾ ਮਿਲ ਗਿਆ ਹੈ। ਇਸ ਤੋਂ ਬਾਅਦ ‘ਕਰੈਸ਼ ਕੋਰਸ’, ‘ਸੁਪਰ 30’ ਵਰਗੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼ ਨੇ ਐਜੂਕੇਸ਼ਨ ਦੇ ਮੁੱਦਿਆਂ ਨੂੰ ਬਾਖੂਬੀ ਚੁੱਕਿਆ ਤੇ ਇਹ ਕਾਫੀ ਸਫ਼ਲ ਵੀ ਰਹੀਆਂ। ਹਾਲ ਹੀ ’ਚ ਰਿਲੀਜ਼ ਹੋਈ ‘12ਵੀਂ ਫੇਲ’ ’ਚ ਯੂ. ਪੀ. ਐੱਸ. ਸੀ. ਦੀ ਤਿਆਰੀ ਕਰ ਰਹੇ ਨੌਜਵਾਨਾਂ ਦਾ ਸੰਘਰਸ਼ ਦਿਖਾਇਆ ਗਿਆ ਹੈ। ਹੁਣ ਤਕ ਲਗਭਗ 40 ਫ਼ਿਲਮਾਂ ਤੇ ਵੈੱਬ ਸੀਰੀਜ਼ ਅਜਿਹੀਆਂ ਹਨ, ਜਿਨ੍ਹਾਂ ਦਾ ਮੁੱਖ ਵਿਸ਼ਾ ਐਜੂਕੇਸ਼ਨ ਰਿਹਾ ਹੈ।

ਚੀਨ-ਅਮਰੀਕਾ ਤੋਂ ਬਾਅਦ ਤੀਜੇ ਨੰਬਰ ’ਤੇ ਭਾਰਤ

  • ਅਮਰੀਕਾ– ਕਮਾਈ 75,300 ਕਰੋੜ ਰੁਪਏ
  • ਚੀਨ– ਕਮਾਈ 64,000 ਕਰੋੜ ਰੁਪਏ
  • ਭਾਰਤ– ਕਮਾਈ 12,400 ਕਰੋੜ ਰੁਪਏ
  • ਜਾਪਾਨ– ਕਮਾਈ 12,275 ਕਰੋੜ ਰੁਪਏ
  • ਯੂਰਪੀ ਦੇਸ਼– ਕਮਾਈ 11,290 ਕਰੋੜ ਰੁਪਏ
  • ਜਰਮਨੀ– ਕਮਾਈ 8,400 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News