ਭਾਰਤੀ ਸਿੰਘ ਨੂੰ ਕੁੱਖ ''ਚ ਮਾਰਨਾ ਚਾਹੁੰਦੀ ਸੀ ਮਾਂ, ਜਾਣੋ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ
Saturday, Jul 03, 2021 - 11:25 AM (IST)
ਮੁੰਬਈ (ਬਿਊਰੋ) : ਕਾਮੇਡੀ ਦੀ ਦੁਨੀਆ 'ਚ ਭਾਰਤੀ ਸਿੰਘ ਦਾ ਨਾਂ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਉਹ ਇੱਕੋ ਵੇਲੇ ਕਈ ਵੱਖ-ਵੱਖ ਚੈਨਲਾਂ ਲਈ ਕੰਮ ਕਰਦੀ ਹੈ। ਅੱਜ ਦੀ ਤਾਰੀਖ਼ 'ਚ ਭਾਰਤੀ ਲੱਖਾਂ ਦਰਸ਼ਕਾਂ ਦੇ ਦਿਲਾਂ 'ਚ ਵੱਸਦੀ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਆਈ ਭਾਰਤੀ ਇੰਡਸਟਰੀ 'ਚ ਅਜਿਹੀ ਪਛਾਣ ਬਣਾ ਚੁੱਕੀ ਹੈ, ਜਿਸ ਦੀ ਤਮੰਨਾ ਹਰੇਕ ਅਦਾਕਾਰ ਤੇ ਅਦਾਕਾਰਾ ਸੰਘਰਸ਼ ਦੌਰਾਨ ਕਰਦੇ ਹਨ।
ਕਾਮੇਡੀ ਕੁਈਨ ਭਾਰਤੀ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਪਹੁੰਚਣ ਲਈ ਉਨ੍ਹਾਂ ਕਾਫ਼ੀ ਸੰਘਰਸ਼ ਕੀਤਾ ਹੈ। 3 ਜੁਲਾਈ 1984 ਨੂੰ ਜਨਮੀ ਭਾਰਤੀ ਸਿੰਘ ਅੱਜ ਪੂਰੇ 37 ਸਾਲਾਂ ਦੀ ਹੋ ਚੁੱਕੀ ਹੈ। ਚੱਲੋ ਕਾਮੇਡੀ ਕੁਈਨ ਭਾਰਤੀ ਸਿੰਘ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ 'ਤੇ ਝਾਤ ਮਾਰਦੇ ਹਾਂ।
ਬਚਪਨ 'ਚ ਹੀ ਪਿਤਾ ਦਾ ਉੱਠ ਗਿਆ ਸਿਰ ਤੋਂ ਸਾਇਆ
3 ਜੁਲਾਈ 1984 ਨੂੰ ਅੰਮ੍ਰਿਤਸਰ 'ਚ ਭਾਰਤੀ ਸਿੰਘ ਦਾ ਜਨਮ ਹੋਇਆ ਸੀ। ਉਸ ਨੇ ਆਪਣੀ ਪੜ੍ਹਾਈ ਵੀ ਆਪਣੇ ਘਰੋਂ ਹੀ ਕੀਤੀ। ਭਾਰਤੀ ਬੇੱਸ਼ਕ ਰੀਲ ਲਾਈਫ਼ 'ਚ ਸਾਰਿਆਂ ਨੂੰ ਹਸਾਉਂਦੀ ਰਹਿੰਦੀ ਹੈ ਪਰ ਉਸ ਦੀ ਰਿਅਲ ਲਾਈਫ਼ 'ਚ ਉਹ ਜਦੋਂ ਵੀ ਆਪਣੀ ਮਾਂ ਨਾਲ ਰਹਿੰਦੀ ਹੈ ਤਾਂ ਬੜੀ ਹੀ ਭਾਵੁਕ ਹੁੰਦੀ ਹੈ। ਉਹ ਸਿਰਫ਼ 2 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ।
ਇਸ ਤੋਂ ਬਾਅਦ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮਾਂ ਉੱਪਰ ਆ ਗਈ ਸੀ। ਇਹ ਉਹ ਮੁਸ਼ਕਲ ਘੜੀ ਸੀ, ਜੋ ਹੋਲੀ-ਹੋਲੀ ਗੁਜ਼ਰ ਰਹੀ ਸੀ। ਭਾਰਤੀ ਦੀ ਮਾਂ ਫੈਕਟਰੀ 'ਚ ਕੰਮ ਕਰ ਕੇ ਘਰ ਦਾ ਖ਼ਰਚ ਚਲਾਉਂਦੀ ਸੀ। ਕਦੀ-ਕਦੀ ਅਜਿਹੀ ਵੀ ਸਥਿਤੀ ਬਣ ਜਾਂਦੀ ਕਿ ਪੇਟ ਭਰ ਖਾਣਾ ਨਸੀਬ ਨਹੀਂ ਹੁੰਦਾ ਸੀ। ਇਕ ਸ਼ੋਅ ਵਿਚ ਭਾਰਤੀ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਇੰਨੀ ਖ਼ਰਾਬ ਸੀ ਕਿ ਉਨ੍ਹਾਂ ਦੀ ਮਾਂ ਉਸ ਨੂੰ ਅਬਾਰਟ ਕਰਵਾਉਣਾ ਚਾਹੁੰਦੀ ਸੀ।
ਜੇਕਰ ਅਜਿਹਾ ਹੁੰਦਾ ਤਾਂ ਅੱਜ ਨਾ ਹੁੰਦੀ ਭਾਰਤੀ ਸਿੰਘ
ਇਕ ਇੰਟਰਵਿਊ ਦੌਰਾਨ ਭਾਰਤੀ ਸਿੰਘ ਨੇ ਦੱਸਿਆ ਸੀ ਕਿ ਸ਼ਾਇਦ ਮੇਰੇ ਪਰਿਵਾਰ ਦੇ ਲੋਕ ਮੈਨੂੰ ਪੈਦਾ ਨਹੀਂ ਕਰਨਾ ਚਾਹੁੰਦੇ ਸਨ। ਉਸ ਵੇਲੇ 'ਹਮ ਦੋ ਹਮਾਰੇ ਦੋ' ਦਾ ਨਾਅਰਾ ਬੜੀ ਤੇਜ਼ੀ ਨਾਲ ਦੇਸ਼ 'ਚ ਫੈਲ ਰਿਹਾ ਸੀ ਤੇ ਮੇਰੇ ਤੋਂ ਪਹਿਲਾਂ ਮੇਰੇ ਭਰਾ-ਭੈਣ ਆ ਚੁੱਕੇ ਸਨ ਤੇ ਮੈਂ ਤੀਸਰੇ ਬੱਚੇ ਦੇ ਰੂਪ 'ਚ ਪੈਦਾ ਹੋਣ ਵਾਲੀ ਸੀ। ਮੇਰੀ ਮੰਮੀ ਮੈਨੂੰ ਹਾਲੇ ਵੀ ਦੱਸਦੇ ਹਨ ਕਿ 'ਮੈਂ ਤੈਨੂੰ ਪੈਦਾ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਦੋ ਹੀ ਬੱਚੇ ਚੰਗੇ', ਉਨ੍ਹਾਂ ਖ਼ੂਬ ਦਵਾਈਆਂ ਖਾਧੀਆਂ, ਬੱਚਾ ਨਾ ਹੋਵੇ ਇਸ ਦੇ ਲਈ ਖੂਬ ਯਤਨ ਕੀਤੇ ਪਰ ਉਹ ਮੈਨੂੰ ਅਬਾਰਟ ਨਾ ਕਰਵਾ ਸਕੇ। ਅੱਜ ਵੀ ਜੇਕਰ ਮੈਨੂੰ ਕੋਈ ਐਵਾਰਡ ਮਿਲਦਾ ਹੈ ਜਾਂ ਮੈਂ ਟੀ. ਵੀ. 'ਤੇ ਆਉਂਦੀ ਹਾਂ ਤਾਂ ਮੇਰੀ ਮੰਮੀ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਤੋਂ ਬਹੁਤ ਵੱਡਾ ਪਾਪ ਹੋਣ ਜਾ ਰਿਹਾ ਸੀ।
ਸਪੋਰਟਸ 'ਚ ਵੀ ਕੀਤੀ ਬਹੁਤ ਤਰੱਕੀ
ਆਪਣੇ ਕਰੀਅਰ ਬਾਰੇ ਭਾਰਤੀ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪੂਰੀ ਪੜ੍ਹਾਈ ਅੰਮ੍ਰਿਤਸਰ 'ਚ ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਖ਼ੁਦ ਵੀ ਨਹੀਂ ਪਤਾ ਕਿ ਕਾਮੇਡੀ ਲਾਈਨ 'ਚ ਕਿਵੇਂ ਆ ਗਈ ਪਰ ਜੇਕਰ ਮੈਂ ਕਦੀ ਕੁਝ ਬਣਦੀ ਤਾਂ ਸਪੋਰਟਸ 'ਚ ਬਣਦੀ। ਮੈਂ ਨੈਸ਼ਨਲ ਰਾਈਫਲ ਸ਼ੂਟਰ ਤੇ ਤੀਰਅੰਦਾਜ਼ ਹਾਂ। ਇਹ ਵੀ ਮੈਂ ਮਜਬੂਰੀ ਵੱਸ ਸਿੱਖਿਆ ਸੀ। ਜਦੋਂ ਮੈਂ ਕਾਲਜ ਗਈ ਤਾਂ ਮੈਂ ਸਕੂਲ 'ਚ ਐੱਨ. ਸੀ. ਸੀ. ਕਰਦੀ ਸੀ।
ਇਕ ਦਿਨ ਇਕ ਮੈਡਮ ਨੇ ਕਿਹਾ ਕਿ ਸਾਡੇ ਕਾਲਜ ਆ ਜਾਓ ਤਾਂ ਮੈਂ ਉਨ੍ਹਾਂ ਨੂੰ ਕਿਹਾ ਕੀ ਨਹੀਂ, ਮੈਮ ਇਹ ਤਾਂ ਵੱਡੇ ਲੋਕਾਂ ਦਾ ਕਾਲਜ ਹੈ। ਅਮੀਰ ਲੋਕਾਂ ਦੀਆਂ ਧੀਆਂ ਇਸ 'ਚ ਪੜ੍ਹਦੀਆਂ ਹਨ, ਮੈਂ ਨਹੀਂ ਪੜ੍ਹ ਸਕਾਂਗੀ। ਫਿਰ ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਸਰਟੀਫਿਕੇਟ ਲੈ ਕੇ ਆ ਜਾਓ, ਤੁਹਾਡੀ ਫੀਸ ਨਹੀਂ ਲੱਗੇਗੀ। ਮੁਫ਼ਤ ਦਾ ਨਾਂ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਫਿਰ ਮੈਂ ਸਪੋਰਟਸ 'ਚ ਹੋਰ ਮਿਹਨਤ ਕਰਨ ਲੱਗੀ ਤਾਂ ਜੋ ਮੇਰੀ ਅਗਲੀ ਕਲਾਸ ਵੀ ਫ੍ਰੀ ਹੋ ਜਾਵੇ। ਇਸ ਖੇਤਰ 'ਚ ਮੈਂ ਬਹੁਤ ਤਰੱਕੀ ਕੀਤੀ।
ਇੰਝ ਸ਼ੁਰੂ ਹੋਈ ਕਾਮੇਡੀਅਨ ਸਫ਼ਰ
ਕਾਮੇਡੀਅਨ ਕੁਈਨ ਅੱਜ ਜਿਸ ਮੁਕਾਮ 'ਤੇ ਹੈ, ਉਸ ਦੇ ਲਈ ਉਹ ਕਪਿਲ ਸ਼ਰਮਾ ਦਾ ਧੰਨਵਾਦ ਕਰਦੀ ਹੈ। ਕਪਿਲ ਤੇ ਭਾਰਤੀ ਇਕ-ਦੂਸਰੇ ਨੂੰ ਉਸ ਸਮੇਂ ਤੋਂ ਜਾਣਦੇ ਹਨ ਜਦੋਂ ਆਪੋ-ਆਪਣੀ ਜ਼ਿੰਦਗੀ 'ਚ ਸੰਘਰਸ਼ ਕਰ ਰਹੇ ਸਨ। ਥੀਏਟਰ ਕਰਨ ਦੌਰਾਨ ਇਹ ਦੋਵੇਂ ਇਕ-ਦੂਸਰੇ ਨੂੰ ਮਿਲੇ, ਉੱਥੇ ਹੀ ਗੱਲਾਂ ਸ਼ੁਰੂ ਹੋਈਆਂ।
ਜਦੋਂ ਭਾਰਤੀ ਅੰਮ੍ਰਿਤਸਰ 'ਚ ਥੀਏਟਰ ਕਰਦੀ ਸੀ, ਉਸ ਵੇਲੇ ਕਪਿਲ ਸ਼ਰਮਾ ਨੇ ਲਾਫਟਰ ਚੈਲੇਂਜ 3 ਜਿੱਤਿਆ ਸੀ। ਘਰ ਵਾਪਸੀ ਤੋਂ ਬਾਅਦ ਕਪਿਲ ਨੇ ਭਾਰਤੀ ਨੂੰ ਕਿਹਾ ਕਿ ਇਸ ਸ਼ੋਅ ਦਾ ਅਗਲਾ ਸੀਜ਼ਨ ਆ ਰਿਹਾ ਹੈ ਉਹ ਉਸ 'ਚ ਹਿੱਸਾ ਲਵੇ। ਕਪਿਲ ਦੀ ਸਲਾਹ ਮੰਨ ਕੇ ਭਾਰਤੀ ਨੂੰ ਲੋਕਾਂ ਨੇ ਕਾਮੇਡੀਅਨ ਦੇ ਰੂਪ 'ਚ ਪਛਾਣਨਾ ਸ਼ੁਰੂ ਕੀਤਾ।