ਵਿਰਾਸਤ ''ਚ ਮਿਲੀ ਸੀ ਪ੍ਰੀਤੀ ਸਪਰੂ ਨੂੰ ਅਦਾਕਾਰੀ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ
Thursday, Dec 24, 2020 - 02:51 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 24 ਦਸੰਬਰ 1957 ਨੂੰ ਮੁੰਬਈ 'ਚ ਹੋਇਆ। ਪ੍ਰੀਤੀ ਸਪਰੂ ਦੇ ਜਨਮਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ 'ਚ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਦੂਜੀ ਫ਼ਿਲਮ 'ਚ ਪ੍ਰੀਤੀ ਸਪਰੂ ਹੀਰੋਇਨ ਹੁੰਦੀ ਸੀ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇਕ ਦਾ ਮਨ ਮੋਹਿਆ।
ਵਿਰਾਸਤ 'ਚ ਮਿਲੀ ਅਦਾਕਾਰੀ
ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ 'ਚ ਹੀ ਮਿਲੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ। ਉਨ੍ਹਾਂ ਨੇ ਬਾਲੀਵੁੱਡ ਦੀਆਂ 300 ਦੇ ਲੱਗਭਗ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਏ ਸਨ। ਪ੍ਰੀਤੀ ਸਪਰੂ ਦਾ ਭਰਾ ਤੇਜ ਸਪਰੂ ਵੀ ਵਧੀਆ ਅਦਾਕਾਰ ਹੈ। ਪ੍ਰੀਤੀ ਸਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਿੰਦੀ ਫ਼ਿਲਮ ਤੋਂ ਆਪਣੇ ਫ਼ਿਲਮੀ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਏ ਸਨ।
ਪੰਜਾਬੀ ਫ਼ਿਲਮਾਂ 'ਚ ਇੰਝ ਹੋਈ ਐਂਟਰੀ
ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ 'ਸਰਪੰਚ' ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ 'ਚ ਇਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ। ਇਹ ਕਿਰਦਾਰ ਲੋਕਾਂ ਨੂੰ ਇੰਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸਪਰੂ ਨੇ 'ਆਸਰਾ ਪਿਆਰ ਕਾ', 'ਦੀਵਾ ਬਲੇ ਸਾਰੀ ਰਾਤ' 'ਚ ਬਾਕਮਾਲ ਅਦਾਕਾਰੀ ਕੀਤੀ, ਜੋ ਕਿ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਪਸੰਦ ਆਈ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਪ੍ਰੀਤੀ ਸਪਰੂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਵਰਿੰਦਰ ਨਾਲ ਹੀ 'ਯਾਰੀ ਜੱਟ ਦੀ', 'ਨਿੰਮੋ', 'ਦੁਸ਼ਮਣੀ ਦੀ ਅੱਗ' ਸਮੇਤ ਹੋਰ ਕਈ ਫ਼ਿਲਮਾਂ ਕੀਤੀਆਂ, ਜਿਹੜੀਆਂ ਕਿ ਸੁਪਰ ਹਿੱਟ ਰਹੀਆਂ।
ਬਤੌਰ ਨਿਰਮਾਤਾ ਪ੍ਰੀਤੀ ਸਪਰੂ ਨੇ ਨਿਭਾਇਆ ਅਹਿਮ ਰੋਲ
ਪ੍ਰੀਤੀ ਸਪਰੂ ਦਾ ਬਤੌਰ ਨਿਰਮਾਤਾ ਵੀ ਫ਼ਿਲਮੀ ਦੁਨੀਆ 'ਚ ਅਹਿਮ ਰੋਲ ਰਿਹਾ ਹੈ। ਸਾਲ 1990 'ਚ ਵਰਿੰਦਰ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਾਲੇ ਦੌਰ ਦਾ ਅਸਰ ਪੰਜਾਬੀ ਫ਼ਿਲਮਾਂ 'ਤੇ ਵੀ ਦਿਖਾਈ ਦੇਣ ਲੱਗਿਆ ਸੀ ਪਰ ਇਸ ਸਭ ਦੇ ਬਾਵਜੂਦ ਪ੍ਰੀਤੀ ਸਪਰੂ ਨੇ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ ਫ਼ਿਲਮ ਬਣਾਈ ਜਿਹੜੀ ਕਿ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਨ੍ਹਾਂ ਨੇ 'ਸਰਦਾਰੀ' ਅਤੇ 'ਮਹਿੰਦੀ ਸ਼ਗਨਾਂ ਦੀ' ਫ਼ਿਲਮ ਬਣਾਈ। ਇਹ ਫ਼ਿਲਮ ਵੱਡੇ ਪਰਦੇ 'ਤੇ ਕੁਝ ਖ਼ਾਸ ਕਮਾਈ ਨਹੀਂ ਕਰ ਸਕੀ।
ਛੋਟੇ ਪਰਦੇ 'ਤੇ ਕਰ ਚੁੱਕੀ ਹੈ ਕਮਾਲ
ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਸਪਰੂ ਨੇ ਟੀ. ਵੀ. ਸੀਰੀਅਲ 'ਚ ਵੀ ਕੰਮ ਕੀਤਾ। ਜਲੰਧਰ ਦੂਰਦਰਸ਼ਨ 'ਤੇ ਚੱਲਣ ਵਾਲੇ ਲੜੀਵਾਰ ਨਾਟਕ 'ਜ਼ਮੀਰ ਦੀ ਆਵਾਜ਼' ਤੇ 'ਫੁਲਕਾਰੀ' ਕਾਫ਼ੀ ਮਕਬੂਲ ਰਹੇ। ਕਸ਼ਮੀਰੀ ਮੂਲ ਦੀ ਪੰਜਾਬਣ ਪ੍ਰੀਤੀ ਸਪਰੂ ਆਪਣੇ ਪਤੀ ਦੋ ਬੇਟੀਆਂ ਨਾਲ ਬੰਬਈ ਦੇ ਆਲੀਸ਼ਾਨ ਫਲੈਟ 'ਚ ਰਹਿ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।