ਭਾਰਤ ’ਚ ਤਾਲਾਬੰਦੀ ’ਤੇ ਬਣ ਰਹੀ ਫ਼ਿਲਮ ਦਾ ਪੋਸਟਰ ਰਿਲੀਜ਼, ਸਾਹਮਣੇ ਆਈ ਕਾਸਟ

1/21/2021 3:13:39 PM

ਮੁੰਬਈ (ਬਿਊਰੋ)– 25 ਮਾਰਚ, 2020, ਇਹ ਤਰੀਕ ਤੇ ਸਾਲ ਲੋਕਾਂ ਦੇ ਜ਼ਿਹਨ ’ਚ ਹਮੇਸ਼ਾ ਜ਼ਿੰਦਾ ਰਹੇਗਾ। ਦੇਸ਼ ’ਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ਸਰਕਾਰ ਨੇ 25 ਮਾਰਚ, 2020 ਨੂੰ ਪੂਰੇ ਦੇਸ਼ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੂਰਾ ਦੇਸ਼ ਠੱਪ ਹੋ ਗਿਆ ਸੀ। ਵੱਡੇ-ਵੱਡੇ ਦਫਤਰਾਂ ਤੋਂ ਲੈ ਕੇ ਰੇਲ ਗੱਡੀਆਂ ਤੱਕ ਸਭ ਕੁਝ ਬੰਦ ਹੋ ਗਿਆ ਸੀ।

ਸਾਲ 2020 ’ਚ ਦੇਸ਼ ਵਾਸੀਆਂ ਨੇ ਬੰਦ ਦੇਸ਼ ਦਾ ਉਹ ਨਜ਼ਾਰਾ ਦੇਖਿਆ ਸੀ, ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਹਾਲ ਹੀ ’ਚ ਮਧੁਰ ਭੰਡਾਰਕਰ ਨੇ ਤਾਲਾਬੰਦੀ ’ਤੇ ਬਣਨ ਜਾ ਰਹੀ ਫ਼ਿਲਮ ‘ਇੰਡੀਆ ਲਾਕਡਾਊਨ’ ਦਾ ਐਲਾਨ ਕੀਤਾ ਸੀ। ਅੱਜ ਇਸ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ ਵੀ ਸਾਹਮਣੇ ਆ ਗਈ ਹੈ।

ਇਸ ਪੋਸਟਰ ’ਚ ਇਕ ਵੱਡਾ ਜਿਹਾ ਤਾਲਾ ਨਜ਼ਰ ਆ ਰਿਹਾ ਹੈ। ਇਸ ਤਾਲੇ ਦੇ ਸਾਹਮਣੇ ਠੇਲੇ ’ਤੇ ਇਕ ਆਦਮੀ ਦੋ ਬੱਚਿਆਂ ਨੂੰ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਤਾਲੇ ਦੇ ਕੋਲ ਕੁਝ ਲੋਕ ਨਜ਼ਰ ਆ ਰਹੇ ਹਨ, ਜੋ ਵੱਖ-ਵੱਖ ਗਤੀਵਿਧੀਆਂ ਕਰ ਰਹੇ ਹਨ।

ਫ਼ਿਲਮ ਸਮੀਖਿਅਕ ਤਰਨ ਆਦਰਸ਼ ਵਲੋਂ ਇਸ ਫ਼ਿਲਮ ਦੇ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝਾ ਕੀਤਾ ਗਿਆ ਹੈ। ਇਸ ਫ਼ਿਲਮ ’ਚ ਪ੍ਰਤੀਕ ਬੱਬਰ, ਸਾਈ ਤਮਹਾਂਕਰ, ਸ਼ਵੇਤਾ ਬਾਸੂ ਪ੍ਰਸਾਦ, ਅਹਾਨਾ ਕੁਮਾਰ, ਪ੍ਰਕਾਸ਼ ਬੇਲਾਵੜੀ ਤੇ ਜ਼ਰੀਨ ਸ਼ੀਹਾਬ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor sunita