''ਨੀਰਜਾ'' ''ਚ ਪਾਕਿ ਦੀ ਖ਼ਰਾਬ ਤਸਵੀਰ ਪੇਸ਼ ਨਹੀਂ ਕੀਤੀ : ਸ਼ਬਾਨਾ ਆਜ਼ਮੀ
Tuesday, Feb 16, 2016 - 10:11 AM (IST)

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ''ਨੀਰਜਾ'' ''ਤੇ ਪਾਕਿ ''ਚ ਪਾਬੰਦੀ ਦੀਆਂ ਖਬਰਾਂ ਦੇ ਬਾਵਜੂਦ ਉਸ ਨੂੰ ਆਸ ਹੈ ਕਿ ਪਾਕਿਸਤਾਨ ''ਚ ਇਹ ਪ੍ਰਦਰਸ਼ਿਤ ਹੋਵੇਗੀ। ਇਹ ਫਿਲਮ ''ਨੀਰਜਾ ਭਨੌਟ'' ਦੀ ਬਾਇਓਪਿਕ ਹੈ, ਜਿਸ ਨੇ ਬੜੀ ਦਲੇਰੀ ਨਾਲ ਯਾਤਰੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ। ਸੋਨਮ ਕਪੂਰ ਦੇ ਅਭਿਨੈ ਵਾਲੀ ਇਸ ਫਿਲਮ ਦੀ ਕਹਾਣੀ ਕਰਾਚੀ ਹਵਾਈ ਅੱਡੇ ''ਤੇ 1986 ''ਚ ਪੈਨ ਐੱਮ ਫਲਾਈਟ 73 ਨੂੰ ਅਗਵਾ ਕੀਤੇ ਜਾਣ ਦੇ ਸਮੇਂ ਦੀ ਹੈ। ਇਸ ਵਿਚ ਕਥਿਤ ਤੌਰ ''ਤੇ ਦੇਸ਼ ਦੀ ਖਰਾਬ ਤਸਵੀਰ ਦਿਖਾਈ ਗਈ ਹੈ, ਜਿਸ ਕਰਕੇ ਪਾਕਿਸਤਾਨ ''ਚ ਇਸ ਫਿਲਮ ''ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਸੋਨਮ ਦੀ ਮਾਂ ਦਾ ਕਿਰਦਾਰ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ। ਸ਼ਬਾਨਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਸਲੀ ਨੀਰਜਾ ਨੂੰ ਅਸ਼ੋਕ ਚੱਕਰ ਅਤੇ ਪਾਕਿਸਤਾਨ ਨੇ ਮੈਡਲ ਨਾਲ ਸਨਮਾਨਿਤ ਕੀਤਾ ਸੀ, ਜਦੋਂਕਿ ਅਮਰੀਕਾ ਸਰਕਾਰ ਨੇ ਵੀ ਸ਼ਲਾਘਾ ਪੱਤਰ ਦਿੱਤਾ ਹੈ। ਅਜਿਹੇ ਵਿਚ ਸਾਡੇ ਕੋਲ ਕੋਈ ਕਾਰਨ ਨਹੀਂ ਸੀ ਕਿ ਜਿਸ ਦੇਸ਼ ਨੇ ਸਨਮਾਨਿਤ ਕੀਤਾ, ਉਸ (ਪਾਕਿ) ਦੀ ਖਰਾਬ ਤਸਵੀਰ ਵਿਖਾਈਏ। ਚੋਣ ਕਮੇਟੀ ਇਸ ਫਿਲਮ ਨੂੰ ਦੇਖ ਰਹੀ ਹੈ ਅਤੇ ਸਾਨੂੰ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਫਿਲਮ ''ਨੀਰਜਾ'' 19 ਫਰਵਰੀ ਨੂੰ ਰਿਲੀਜ਼ ਹੋਵੇਗੀ।