IIFA 2025: ਰਾਜ ਮੰਦਰ ਸਿਨੇਮਾ ਵਿਖੇ ''ਸ਼ੋਲੇ'' ਦੀ ਵਿਸ਼ੇਸ਼ ਸਕ੍ਰੀਨਿੰਗ ''ਚ ਸ਼ਾਮਲ ਹੋਏ ਰਮੇਸ਼ ਸਿੱਪੀ

Sunday, Mar 09, 2025 - 04:08 PM (IST)

IIFA 2025: ਰਾਜ ਮੰਦਰ ਸਿਨੇਮਾ ਵਿਖੇ ''ਸ਼ੋਲੇ'' ਦੀ ਵਿਸ਼ੇਸ਼ ਸਕ੍ਰੀਨਿੰਗ ''ਚ ਸ਼ਾਮਲ ਹੋਏ ਰਮੇਸ਼ ਸਿੱਪੀ

ਜੈਪੁਰ (ਏਜੰਸੀ)- ਦਿੱਗਜ ਫਿਲਮ ਨਿਰਮਾਤਾ ਰਮੇਸ਼ ਸਿੱਪੀ ਨੇ ਐਤਵਾਰ ਨੂੰ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਐਵਾਰਡ 2025 ਦੇ ਮੌਕੇ 'ਤੇ ਆਪਣੀ 1975 ਦੀ ਸੁਪਰਹਿੱਟ ਫਿਲਮ 'ਸ਼ੋਲੇ' ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ। ਇਹ ਫਿਲਮ ਇਸ ਸਾਲ ਆਪਣੀ ਰਿਲੀਜ਼ ਦੇ 5 ਦਹਾਕੇ ਪੂਰੇ ਕਰ ਰਹੀ ਹੈ। ਇਹ ਫਿਲਮ ਜੈਪੁਰ ਦੇ ਪ੍ਰਸਿੱਧ ਰਾਜ ਮੰਦਰ ਸਿਨੇਮਾਘਰ ਵਿੱਚ ਦਿਖਾਈ ਗਈ ਸੀ। 'ਸ਼ੋਲੇ' ਦਾ ਸਕ੍ਰੀਨਪਲੇ ਸਲੀਮ-ਜਾਵੇਦ ਨੇ ਲਿਖਿਆ ਸੀ ਅਤੇ ਨਿਰਦੇਸ਼ਕ ਸਿੱਪੀ ਸਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਦੀ ਫਿਲਮ 50 ਸਾਲ ਪੂਰੇ ਕਰ ਰਹੀ ਹੈ ਅਤੇ ਆਈਫਾ ਐਵਾਰਡਜ਼ ਦਾ ਸਿਲਵਰ ਜੁਬਲੀ ਸਮਾਰੋਹ ਵੀ ਉਸੇ ਦਿਨ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, "ਅੱਜ, ਆਈਫਾ ਦੇ 25 ਸਾਲ 'ਸ਼ੋਲੇ' ਦੇ 50 ਸਾਲਾਂ ਜਿੰਨੇ ਮਹੱਤਵਪੂਰਨ ਹਨ। ਸਾਡੀ ਕੱਲ੍ਹ ਰਾਤ ਬਹੁਤ ਵਧੀਆ ਸ਼ੁਰੂਆਤ ਹੋਈ ਅਤੇ ਇਹ ਸਿਰਫ਼ ਅੱਜ ਰਾਤ ਹੀ ਨਹੀਂ ਸਗੋਂ ਅੱਗੇ ਵੀ ਜਾਰੀ ਰਹੇਗੀ।" ਫਿਲਮ ਦੀ ਸਕ੍ਰੀਨਿੰਗ ਰਾਜ ਮੰਦਰ ਦੇ 5 ਦਹਾਕੇ ਦੇ ਸਫ਼ਰ ਨੂੰ ਵੀ ਦਰਸਾਉਂਦੀ ਹੈ। 'ਸ਼ੋਲੇ' ਨੂੰ ਹੁਣ ਤੱਕ ਦੀਆਂ ਸਭ ਤੋਂ ਮਹਾਨ ਹਿੰਦੀ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਸੰਜੀਵ ਕੁਮਾਰ, ਅਮਜਦ ਖਾਨ, ਧਰਮਿੰਦਰ, ਅਮਿਤਾਭ ਬੱਚਨ, ਹੇਮਾ ਮਾਲਿਨੀ ਅਤੇ ਜਯਾ ਬੱਚਨ ਨੇ ਅਭਿਨੈ ਕੀਤਾ ਹੈ। ਸਿੱਪੀ ਦੇ ਪਿਤਾ, ਸਵਰਗੀ ਜੀਪੀ ਸਿੱਪੀ ਦੁਆਰਾ ਨਿਰਮਿਤ ਇਹ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ। ਨਿਰਦੇਸ਼ਕ ਸੂਰਜ ਬੜਜਾਤੀਆ ਵੀ ਜੈਪੁਰ ਵਿੱਚ ਸ਼ੋਲੇ ਦੀ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ।

ਉਨ੍ਹਾਂ ਕਿਹਾ, “ਮੈਂ ਪੰਜਵੀਂ ਜਮਾਤ ਵਿੱਚ ਸੀ (ਜਦੋਂ ਫਿਲਮ ਰਿਲੀਜ਼ ਹੋਈ ਸੀ)। ਸ਼ੋਲੇ ਭਾਰਤੀ ਸਿਨੇਮਾ ਦਾ ਇੱਕ ਥੰਮ੍ਹ ਹੈ। ਭਾਵੇਂ ਅਸੀਂ ਇਸਨੂੰ ਕਿੰਨੀ ਵਾਰ ਵੀ ਵੇਖੀਏ , ਇਹ ਸਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦੀ ਹੈ। ਇਹ ਫਿਲਮ ਉਸ ਸਮੇਂ ਬਣਾਈ ਗਈ ਸੀ ਜਦੋਂ ਕੋਈ ਵੀਐਫਐਕਸ (ਵਿਜ਼ੂਅਲ ਇਫੈਕਟ) ਨਹੀਂ ਸਨ।" ਬੜਜਾਤੀਆ ਨੇ ਕਿਹਾ, "ਅੱਜ ਵੀ, ਜੇ ਅਸੀਂ (ਫਿਲਮ ਵਿੱਚ) ਰੇਲਗੱਡੀ ਦਾ ਦ੍ਰਿਸ਼ ਦੇਖਦੇ ਹਾਂ, ਤਾਂ ਸਾਨੂੰ ਰਮੇਸ਼ ਸਿੱਪੀ ਦੇ ਕੰਮ ਅਤੇ ਫਿਲਮ ਨਿਰਮਾਣ ਦੀ ਕਲਾ ਦੀਆਂ ਬਹੁਤ ਸਾਰੀਆਂ ਬਾਰੀਕੀਆਂ ਸਿੱਖਣ ਨੂੰ ਮਿਲਦੀਆਂ ਹਨ। ਇਸ ਪੱਧਰ ਦੀਆਂ ਬਹੁਤ ਘੱਟ ਫਿਲਮਾਂ ਹਨ, ਅਤੇ ਅਸੀਂ ਇੱਥੇ ਇਸਦਾ ਜਸ਼ਨ ਮਨਾਉਣ ਲਈ ਆਏ ਹਾਂ ਅਤੇ ਰਾਜ ਮੰਦਰ ਨੂੰ ਵੀ 50 ਸਾਲ ਹੋ ਗਏ ਹਨ, ਇਸ ਲਈ ਇਹ ਸਭ ਤੋਂ ਵੱਡੀ ਖੁਸ਼ੀ ਹੈ।'' ਆਈਫਾ ਐਵਾਰਡ 2025 ਐਤਵਾਰ ਯਾਨੀ ਅੱਜ ਸਮਾਪਤ ਹੋਵੇਗਾ।


author

cherry

Content Editor

Related News