ਸੈੱਟ ’ਤੇ ਵੀ ਪੁਲਸ ਅਫ਼ਸਰ ਬਣੇ ਰਹਿੰਦੇ ਹਨ ਹੁੱਡਾ, ਨਾ ਹੱਸਦੇ ਨਾ ਗੱਲਬਾਤ ਕਰਦੇ : ਉਰਵਸ਼ੀ
Monday, Apr 14, 2025 - 01:16 PM (IST)

ਮੁੰਬਈ- ਸੰਨੀ ਦਿਓਲ ਤੇ ਰਣਦੀਪ ਹੁੱਡਾ ਦੀ ‘ਜਾਟ’ 10 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਐਕਸ਼ਨ ਨਾਲ ਭਰਪੂਰ ਇਸ ਫਿਲਮ ’ਚ ਇਕ ਧਮਾਕੇਦਾਰ ਗਾਣਾ ਵੀ ਸ਼ਾਮਲ ਹੈ, ਜਿਸ ’ਚ ਉਰਵਸ਼ੀ ਰੌਤੇਲਾ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਫਿਲਮ ਦਾ ਨਿਰਦੇਸ਼ਨ ਗੋਪੀਚੰਦ ਮਲਿਨੇਨੀ ਨੇ ਕੀਤਾ ਹੈ, ਜੋ ਦੱਖਣੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਉਰਵਸ਼ੀ ਰੌਤੇਲਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਮੈਂ ਸੋਸ਼ਲ ਮੀਡੀਆ ਨੂੰ ਇਕ ਪ੍ਰੋਫੈਸ਼ਨਲ ਪਲੇਟਫਾਰਮ ਵਾਂਗ ਵਰਤਦੀ ਹਾਂ
ਪ੍ਰ. ਜਦੋਂ ਤੁਹਾਡੇ ਤੱਕ ਗਾਣੇ ਲਈ ਪਹੁੰਚ ਕੀਤੀ ਗਈ ਤਾਂ ਮੇਕਰਜ਼ ਦੀ ਕੀ ਪ੍ਰਤੀਕਿਰਿਆ ਸੀ?
-ਜਦੋਂ ਮੇਕਰਜ਼ ਨੇ ਮੇਰੇ ਨਾਲ ਸੰਪਰਕ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਤਿੰਨ ਵਾਰ ਪੁੱਛਿਆ, ਕੀ ਤੁਸੀਂ ਜਾਟ ਹੋ? ਇਹ ਸੁਣ ਕੇ ਮੈਂ ਮੁਸਕਰਾਈ ਕਿਉਂਕਿ ਜਾਟ ਭਾਈਚਾਰਾ ਆਪਣੇ ਮਜ਼ਬੂਤ ਕੱਦ-ਕਾਠ , ਆਤਮ ਵਿਸ਼ਵਾਸ ਤੇ ਈਮਾਨਦਾਰੀ ਲਈ ਜਾਣਿਆ ਜਾਂਦਾ ਹੈ। ਮੈਨੂੰ ਲੱਗਾ ਕਿ ਇਹ ਮੇਰੀ ਸ਼ਖ਼ਸੀਅਤ ਲਈ ਇਕ ਵੱਡੀ ਤਾਰੀਫ਼ ਸੀ ਅਤੇ ਮੈਨੂੰ ਲੱਗਾ ਕਿ ਇਹ ਭੂਮਿਕਾ ਮੇਰੇ ਲਈ ਇਕਦਮ ਸਹੀ ਹੈ।
ਪ੍ਰ. ਕੀ ਤੁਸੀਂ ਹਮੇਸ਼ਾ ਤੋਂ ਅਦਾਕਾਰੀ ਨੂੰ ਕਰੀਅਰ ਬਣਾਉਣ ਦੀ ਯੋਜਨਾ ਬਣਾਈ ਸੀ?
-ਨਹੀਂ, ਮੈਂ ਖ਼ੁਦ ਨੂੰ ਇਕ ‘ਐਕਸੀਡੈਂਟਲ ਐਕਟਰ’ ਮੰਨਦੀ ਹਾਂ। ਮੇਰਾ ਪਿਛੋਕੜ ਸਿੱਖਿਆ ਤੇ ਸਕਾਲਰਸ਼ਿਪ ਨਾਲ ਜੁੜਿਆ ਹੋਇਆ ਹੈ। ਮੈਂ ਮਾਸਟਰਜ਼ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਮੇਰਾ ਪਰਿਵਾਰ ਹਮੇਸ਼ਾ ਪੜ੍ਹਾਈ ਨੂੰ ਪਹਿਲ ਦਿੰਦਾ ਰਿਹਾ ਹੈ ਪਰ ਅਦਾਕਾਰੀ ਦੀ ਦੁਨੀਆ ’ਚ ਮੈਨੂੰ ਜ਼ਿਆਦਾ ਮੌਕੇ ਮਿਲਣ ਲੱਗੇ ਤੇ ਮੇਰੇ ਮਾਤਾ-ਪਿਤਾ ਨੇ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਹਮੇਸ਼ਾ ਕਿਹਾ ਕਿ ਜੇ ਤੁਹਾਨੂੰ ਇਸ ’ਚ ਸਫਲਤਾ ਮਿਲਦੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਤੇ ਜੇ ਤੁਹਾਨੂੰ ਸਫਲਤਾ ਨਹੀਂ ਵੀ ਮਿਲਦੀ ਤਾਂ ਵੀ ਤੁਹਾਡੇ ਕੋਲ ਮਜ਼ਬੂਤ ਬੈਕਅਪ ਪਲਾਨ ਹੈ।
ਪ੍ਰ. ਐਕਟਿੰਗ ਦੌਰਾਨ ਸੈੱਟ ’ਤੇ ਮਾਹੌਲ ਕਿਹੋ ਜਿਹਾ ਹੁੰਦਾ ਹੈ ਅਤੇ ਕਿੰਨਾ ਮੁਕਾਬਲਾ ਮਹਿਸੂਸ ਹੁੰਦਾ ਹੈ?
-ਸੈੱਟ ’ਤੇ ਮੁਕਾਬਲਾ ਕਿੰਨਾ ਹੈ, ਇਹ ਕਿਰਦਾਰ ਅਤੇ ਦ੍ਰਿਸ਼ ’ਤੇ ਨਿਰਭਰ ਕਰਦਾ ਹੈ। ਕੁਝ ਅਦਾਕਾਰ ਪੂਰੀ ਤਰ੍ਹਾਂ ਮੈਥਡ ਐਕਟਿੰਗ ’ਚ ਵਿਸ਼ਵਾਸ ਰੱਖਦੇ ਹਨ, ਜਿਵੇਂ ਜੇ ਉਨ੍ਹਾਂ ਨੂੰ ਇਕ ਸਖ਼ਤ ਇੰਸਪੈਕਟਰ ਦਾ ਰੋਲ ਮਿਲਿਆ ਹੈ ਤਾਂ ਉਹ ਸੈੱਟ ’ਤੇ ਵੀ ਬਿਲਕੁਲ ਉਸੇ ਕਿਰਦਾਰ ’ਚ ਰਹਿੰਦੇ ਹਨ। ਉਹ ਨਾ ਹੱਸਦੇ ਹਨ, ਨਾ ਮਜ਼ਾਕ ਕਰਦੇ ਹਨ। ਇਹ ਦੇਖਣਾ ਦਿਲਚਸਪ ਹੁੰਦਾ ਹੈ ਤੇ ਦੱਸਦਾ ਹੈ ਕਿ ਉਹ ਆਪਣੇ ਕੰਮ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ।
ਪ੍ਰ. ਤੁਹਾਡਾ ਕੋ-ਐਕਟਰ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਮੇਰੇ ਕੋ-ਐਕਟਰ ਇਕ ਸ਼ਾਨਦਾਰ ਮੈਥਡ ਐਕਟਰ ਹਨ। ਜਦੋਂ ਉਹ ਕਿਸੇ ਗੰਭੀਰ ਜਾਂ ਇੰਟੈਂਸ ਕਿਰਦਾਰ ’ਚ ਹੁੰਦੇ ਹਨ ਤਾਂ ਪੁਰੀ ਤਰ੍ਹਾਂ ਉਸ ਕਿਰਦਾਰ ਨੂੰ ਜਿਊਂਦੇ ਹਨ। ਫਿਲਮ ’ਚ ਉਹ (ਰਣਦੀਪ ਹੁੱਡਾ) ਇਕ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਸੈੱਟ ’ਤੇ ਵੀ ਉਹ ਉਸੇ ਮੋਡ ’ਚ ਰਹਿੰਦੇ ਸਨ ਨਾ ਹਾਸਾ, ਨਾ ਗੱਲਬਾਤ, ਪੂਰਾ ਧਿਆਨ ਕਿਰਦਾਰ ’ਤੇ। ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਇਕ ਸਿੱਖਣ ਵਾਲਾ ਤਜਰਬਾ ਰਿਹਾ।
ਪ੍ਰ. ਸੋਸ਼ਲ ਮੀਡੀਆ ’ਤੇ ਤੁਹਾਡੇ ਇੰਨੇ ਮਿਲੀਅਨ ਫਾਲੋਅਰਜ਼ ਹਨ, ਕਿਵੇਂ ਹੈਂਡਲ ਕਰਦੇ ਹੋ?
-ਮੈਂ ਸੋਸ਼ਲ ਮੀਡੀਆ ਨੂੰ ਇਕ ਪ੍ਰੋਫੈਸ਼ਨਲ ਪਲੇਟਫਾਰਮ ਵਾਂਗ ਵਰਤਦੀ ਹਾਂ। ਮੇਰੇ ਇੰਸਟਾਗ੍ਰਾਮ ’ਤੇ 72 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਜੋ ਮੇਰੇ ਲਈ ਇਕ ਵੱਡੀ ਗੱਲ ਹੈ ਪਰ ਮੈਂ ਇਸ ਨੂੰ ਸਿਰਫ਼ ਗਲੈਮਰ ਜਾਂ ਸ਼ੋਅ-ਆਫ ਦਾ ਜ਼ਰੀਆ ਨਹੀਂ ਮੰਨਦੀ। ਮੇਰੇ ਲਈ ਇਹ ਇਕ ਮਾਧਿਅਮ ਹੈ, ਜਿਸ ਨਾਲ ਮੈਂ ਆਪਣੀ ਕਲਾ, ਪ੍ਰਾਜੈਕਟਾਂ ਤੇ ਸ਼ਖ਼ਸੀਅਤ ਨੂੰ ਦਰਸ਼ਕਾਂ ਤੱਕ ਪਹੁੰਚਾ ਸਕਾਂ।
ਪ੍ਰ. ਸੋਸ਼ਲ ਮੀਡੀਆ ’ਤੇ ਤੁਹਾਡੇ ਡਾਂਸ ਦੀ ਤੁਲਨਾ ਮਾਧੁਰੀ ਨਾਲ ਕੀਤੀ ਗਈ, ਇਸ ਨੂੰ ਕਿਵੇਂ ਲੈਂਦੇ ਹੋ?
-ਮੈਂ ਇਸ ਨੂੰ ਇਕ ਵੱਡੇ ਸਨਮਾਨ ਵਜੋਂ ਵੇਖਦੀ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਪੀੜ੍ਹੀ ਦੇ ਅਦਾਕਾਰ ਚੰਗਾ ਕੰਮ ਕਰਨ ਕਿਉਂਕਿ ਪਹਿਲਾਂ ਦੇ ਦੌਰ ਦੇ ਕਲਾਕਾਰਾਂ ਨੇ ਇੰਨਾ ਸ਼ਾਨਦਾਰ ਕੰਮ ਕੀਤਾ ਕਿ ਅੱਜ ਇੰਡਸਟਰੀ ਉਥੇ ਤੱਕ ਪਹੁੰਚ ਸਕੀ ਹੈ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਚੰਗਾ ਕੰਮ ਕਰੀਏ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਇਕ ਮਿਸਾਲ ਕਾਇਮ ਕਰ ਸਕੀਏ।
ਪ੍ਰ. ਡਾਂਸ ਤੁਹਾਡੇ ਲਈ ਕੀ ਮਾਅਨੇ ਰੱਖਦਾ ਹੈ?
-ਡਾਂਸ ਮੇਰੇ ਲਈ ਸਿਰਫ਼ ਇਕ ਪ੍ਰਫਾਰਮੈਂਸ ਨਹੀਂ ਸਗੋਂ ਪੂਜਾ ਹੈ। ਇਹ ਮੇਰੀ ਆਤਮਾ ਨਾਲ ਜੁੜਿਆ ਹੋਇਆ ਆਰਟ ਫਾਰਮ ਹੈ, ਜਿਸ ਨੂੰ ਮੈਂ ਪੂਰੇ ਦਿਲ ਤੋਂ ਕਰਦੀ ਹਾਂ। ਹਰ ਸਟੈੱਪ, ਹਰ ਮੂਵਮੈਂਟ ’ਚ ਮੇਰੀਆਂ ਭਾਵਨਾਵਾਂ ਝਲਕਦੀਆਂ ਹਨ। ਮੈਂ ਖ਼ੁਦ ਨੂੰ ਸਿਰਫ਼ ਇਕ ਅਦਾਕਾਰ ਨਹੀਂ ਸਗੋਂ ਇਕ ਪ੍ਰਫਾਰਮਰ ਮੰਨਦੀ ਹਾਂ। ਬਾਲੀਵੁੱਡ ’ਚ ਪ੍ਰਫਾਰਮਿੰਗ ਆਰਟਸ ਜਿਵੇਂ ਐਕਟਿੰਗ, ਡਾਂਸ ਤੇ ਐਕਸਪ੍ਰੈਸ਼ਨ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਤੇ ਮੈਂ ਹਰ ਕਿਰਦਾਰ ਨੂੰ ਪੂਰੀ ਲਗਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੀ ਹਾਂ।
ਪ੍ਰ. ਇਕ ਅਦਾਕਾਰ ਤੋਂ ਇਲਾਵਾ ਤੁਹਾਡਾ ਕੋਈ ਪੈਸ਼ਨ ਪ੍ਰਾਜੈਕਟ ਹੈ?
-ਮੇਰੀ ਸੰਸਥਾ ਹੈ - ਉਰਵਸ਼ੀ ਰੌਤੇਲਾ ਫਾਊਂਡੇਸ਼ਨ। ਮੇਰਾ ਜਨਮ ਦਿਨ ਮਹਾਸ਼ਿਵਰਾਤਰੀ ਦੇ ਦਿਨ ਆਇਆ ਤੇ ਉਸ ਦਿਨ ਸਾਡੀ ਸੰਸਥਾ ਨੇ ਮੱਧ ਪ੍ਰਦੇਸ਼ ’ਚ 251 ਗ਼ਰੀਬ ਕੁੜੀਆਂ ਦੇ ਵਿਆਹ ਕਰਵਾਏ। ਮੈਂ ਚਾਹੁੰਦੀ ਹਾਂ ਕਿ ਮੀਡੀਆ ਇਸ ਕੰਮ ਨੂੰ ਸਾਹਮਣੇ ਲਿਆਵੇ। ਮੇਰਾ ਨਾਂ ਆਵੇ ਜਾਂ ਨਾ ਆਵੇ ਪਰ ਲੋਕ ਇਸ ਤੋਂ ਪ੍ਰੇਰਨਾ ਲੈ ਕੇ ਅਜਿਹੇ ਕੰਮਾਂ ਨੂੰ ਬੜ੍ਹਾਵਾ ਦੇਣ।
ਪ੍ਰ. ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਿਹੜੇ-ਕਿਹੜੇ ਹਨ?
-ਫ਼ਿਲਹਾਲ ਮੈਂ ਕੁਝ ਵੱਡੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹਾਂ, ਜਿਸ ’ਚ ‘ਇੰਸਪੈਕਟਰ’ ਪਾਰਟ-2, ‘ਵੈਲਕਮ ਟੂ ਦਿ ਜੰਗਲ’ ਤੇ ‘ਬਲੈਕ ਰੋਜ਼’ ਸ਼ਾਮਲ ਹਨ। ਇਹ ਸਾਰੇ ਪ੍ਰਾਜੈਕਟ ਮੇਰੇ ਦਿਲ ਦੇ ਬਹੁਤ ਕਰੀਬ ਹਨ ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਪਸੰਦ ਆਉਣਗੇ।