ਦਿਓਲ ਪਰਿਵਾਰ 'ਚ ਅਣਬਣ ਦੀਆਂ ਚਰਚਾਵਾਂ 'ਤੇ ਹੇਮਾ ਮਾਲਿਨੀ ਦਾ ਵੱਡਾ ਖੁਲਾਸਾ
Tuesday, Jan 13, 2026 - 02:30 PM (IST)
ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਜੀ ਦੇ ਦੇਹਾਂਤ ਤੋਂ ਬਾਅਦ ਜਿੱਥੇ ਪੂਰਾ ਦੇਸ਼ ਸੋਗ ਵਿਚ ਸੀ, ਉੱਥੇ ਹੀ ਸੋਸ਼ਲ ਮੀਡੀਆ ਅਤੇ ਫ਼ਿਲਮੀ ਗਲਿਆਰਿਆਂ ਵਿਚ ਦਿਓਲ ਪਰਿਵਾਰ ਦੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਸਨ। ਹੁਣ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾਉਂਦੇ ਹੋਏ 'ਡਰੀਮ ਗਰਲ' ਹੇਮਾ ਮਾਲਿਨੀ ਨੇ ਆਪਣੀ ਚੁੱਪੀ ਤੋੜੀ ਹੈ ਅਤੇ ਸੰਨੀ ਤੇ ਬੌਬੀ ਦਿਓਲ ਨਾਲ ਆਪਣੇ ਰਿਸ਼ਤਿਆਂ ਦੀ ਸੱਚਾਈ ਸਾਹਮਣੇ ਰੱਖੀ ਹੈ।
ਲੋਕਾਂ ਦਾ ਕੰਮ ਹੈ ਗੱਪਾਂ ਮਾਰਨਾ
ਇਕ ਤਾਜ਼ਾ ਇੰਟਰਵਿਊ ਵਿਚ ਹੇਮਾ ਮਾਲਿਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੰਨੀ ਅਤੇ ਬੌਬੀ ਨਾਲ ਰਿਸ਼ਤਾ ਹਮੇਸ਼ਾ ਪਿਆਰ ਭਰਿਆ ਰਿਹਾ ਹੈ। ਉਨ੍ਹਾਂ ਕਿਹਾ, "ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਸਾਡੇ ਵਿਚਕਾਰ ਅਣਬਣ ਦੀਆਂ ਗੱਲਾਂ ਕਿਉਂ ਕਰਦੇ ਹਨ। ਲੋਕ ਸਿਰਫ਼ ਗੱਪਾਂ ਮਾਰਨਾ ਚਾਹੁੰਦੇ ਹਨ। ਸਾਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਡੀ ਨਿੱਜੀ ਜ਼ਿੰਦਗੀ ਹੈ ਅਤੇ ਅਸੀਂ ਸਾਰੇ ਇਕ-ਦੂਜੇ ਦੇ ਬਹੁਤ ਕਰੀਬ ਹਾਂ"।
ਪਰਿਵਾਰ ਦੀ ਇੱਕਜੁਟਤਾ
ਧਰਮਿੰਦਰ ਜੀ ਦੀ ਯਾਦ ਵਿਚ ਰੱਖੀਆਂ ਗਈਆਂ ਪ੍ਰਾਰਥਨਾ ਸਭਾਵਾਂ ਦੌਰਾਨ ਪਰਿਵਾਰਕ ਏਕਤਾ ਦੀ ਝਲਕ ਦੇਖਣ ਨੂੰ ਮਿਲੀ। ਜਿੱਥੇ ਸੰਨੀ ਅਤੇ ਬੌਬੀ ਨੇ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ਵਿਚ ਪ੍ਰਾਰਥਨਾ ਸਭਾ ਰੱਖੀ, ਉੱਥੇ ਹੀ ਹੇਮਾ ਮਾਲਿਨੀ ਨੇ ਆਪਣੇ ਘਰ ਗੀਤਾ ਪਾਠ ਕਰਵਾਇਆ ਅਤੇ ਬਾਅਦ ਵਿਚ ਦਿੱਲੀ ਵਿਚ ਵੀ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਮੁੰਬਈ ਦੀ ਸਭਾ ਵਿਚ ਸਲਮਾਨ ਖਾਨ, ਰੇਖਾ ਅਤੇ ਐਸ਼ਵਰਿਆ ਰਾਏ ਵਰਗੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ, ਜਿੱਥੇ ਹੇਮਾ ਮਾਲਿਨੀ ਕਾਫੀ ਭਾਵੁਕ ਵੀ ਨਜ਼ਰ ਆਈ।
ਪਿਤਾ ਦੀ ਯਾਦ ਵਿਚ ਸੰਨੀ ਦਿਓਲ ਬਣਾਉਣਗੇ ਅਜਾਇਬ ਘਰ
ਹੇਮਾ ਮਾਲਿਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਦੀ ਯਾਦ ਵਿਚ ਇਕ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਨੀ ਆਪਣੇ ਪਿਤਾ ਨਾਲ ਜੁੜੇ ਕਿਸੇ ਵੀ ਪ੍ਰੋਜੈਕਟ ਬਾਰੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰਦੇ ਹਨ ਅਤੇ ਸਾਰਾ ਪਰਿਵਾਰ ਮਿਲ ਕੇ ਇਨ੍ਹਾਂ ਯੋਜਨਾਵਾਂ ਨੂੰ ਪੂਰਾ ਕਰੇਗਾ।
ਇਸ ਖੁਲਾਸੇ ਨੇ ਉਨ੍ਹਾਂ ਸਾਰੀਆਂ ਚਰਚਾਵਾਂ ਨੂੰ ਖ਼ਤਮ ਕਰ ਦਿੱਤਾ ਹੈ ਜੋ ਪਰਿਵਾਰ ਵਿੇਚ ਫੁੱਟ ਪੈਣ ਦਾ ਦਾਅਵਾ ਕਰ ਰਹੀਆਂ ਸਨ। ਧਰਮਿੰਦਰ ਜੀ ਦੀ ਵਿਰਾਸਤ ਨੂੰ ਹੁਣ ਉਨ੍ਹਾਂ ਦਾ ਪੂਰਾ ਪਰਿਵਾਰ ਇੱਕਜੁੱਟ ਹੋ ਕੇ ਅੱਗੇ ਵਧਾ ਰਿਹਾ ਹੈ।
