ਮਹਿਲਾ ਕਮਿਸ਼ਨ ਦੇ ਨੋਟਿਸ ’ਤੇ ਗਾਇਕ ਹਰਜੀਤ ਹਰਮਨ ਦਾ ਜਵਾਬ, ‘ਮੈਂ ਕੁਝ ਵੀ ਇਤਰਾਜ਼ਯੋਗ ਨਹੀਂ ਗਾਇਆ’

Friday, Sep 17, 2021 - 05:45 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਇਨ੍ਹੀਂ ਦਿਨੀਂ ਆਪਣੇ ਗੀਤ ‘ਸ਼ਰਾਬ’ ਨੂੰ ਲੈ ਕੇ ਵਿਵਾਦਾਂ ’ਚ ਹਨ। ਅਸਲ ’ਚ ਇਸ ਗੀਤ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਦੋਵਾਂ ਗਾਇਕਾਂ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਨਾਲ-ਨਾਲ ਸਪੀਡ ਰਿਕਾਰਡਸ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ।

ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਗੀਤ ’ਚ ਮਹਿਲਾ ਦੀ ਤੁਲਨਾ ਸ਼ਰਾਬ, ਨਸ਼ੇ ਤੇ ਹਥਿਆਰਾਂ ਨਾਲ ਕੀਤੀ ਗਈ ਹੈ, ਜਿਸ ’ਤੇ ਉਨ੍ਹਾਂ ਨੇ ਇਹ ਨੋਟਿਸ ਜਾਰੀ ਕੀਤਾ ਹੈ। ਦੋਵਾਂ ਗਾਇਕਾਂ ਨੂੰ 22 ਸਤੰਬਰ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਸਿਮਰਨ ਕੌਰ ਧਾਦਲੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ

ਹੁਣ ਇਸ ’ਤੇ ਗਾਇਕ ਹਰਜੀਤ ਹਰਮਨ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਹਰਜੀਤ ਹਰਮਨ ਨੇ ਫੇਸਬੁੱਕ ਪੋਸਟ ਰਾਹੀਂ ਲਿਖਿਆ, ‘ਸਤਿ ਸ੍ਰੀ ਆਕਾਲ ਦੋਸਤੋ, ਪਿਛਲੇ ਦਿਨੀਂ ਕਰਨ ਔਜਲਾ ਦੇ ਗੀਤ ’ਚ ਮੇਰੀਆਂ ਗਾਈਆਂ ਚਾਰ ਲਾਈਨਾਂ ਵਿਵਾਦ ਬਣ ਗਈਆਂ, ਜਦੋਂਕਿ ਕੋਈ ਵੀ ਲਾਈਨ ਜਾਂ ਸ਼ਬਦ ਨੂੰ ਤੁਸੀਂ ਖ਼ੁਦ ਸੁਣ ਕੇ ਫ਼ੈਸਲਾ ਕਰ ਸਕਦੇ ਹੋ ਕਿ ਇਸ ’ਚ ਕੁਝ ਵੀ ਇਤਰਾਜ਼ਯੋਗ ਹੋਵੇ। ਮੇਰੇ ਵਲੋਂ ਅੱਜ ਤੱਕ ਗਾਏ ਹਰ ਗੀਤ ਵਾਂਗ ਹੀ ਇਹ ਗੀਤ ਦੀਆਂ ਲਾਈਨਾਂ ਨੇ ਤੇ ਤੁਸੀਂ ਵੀ ਇਹ ਸੁਣ ਕੇ ਮੇਰੇ ਪਹਿਲੇ ਗੀਤਾਂ ਨਾਲ ਕੰਪੇਅਰ ਵੀ ਕਰ ਸਕਦੇ ਹੋ।’

ਹਰਜੀਤ ਹਰਮਨ ਨੇ ਅੱਗੇ ਲਿਖਿਆ, ‘ਬਾਕੀ ਦੋਸਤੋ ਤੁਸੀਂ ਮੇਰੇ ਵਲੋਂ ਹਰ ਵਿਸ਼ੇ ’ਤੇ ਗਾਏ ਗੀਤ ਸੁਣੇ ਤੇ ਵੇਖੇ ਨੇ ਪਰ ਕਦੇ ਵੀ ਮੈਂ ਆਲੋਚਨਾ ਦਾ ਪਾਤਰ ਨਹੀਂ ਬਣਿਆ, ਸਗੋਂ ਤੁਸੀਂ ਬੇਅਥਾਂਹ ਪਿਆਰ ਹੀ ਦਿੱਤਾ ਹੈ। ਮੈਂ ਆਪਣੀ ਗਾਇਕੀ ਦੇ ਮਿਆਰ ਪ੍ਰਤੀ ਕੋਈ ਸਮਝੌਤਾ ਨਾ ਕਦੇ ਕੀਤਾ ਤੇ ਨਾ ਕਰਾਂਗਾ। ਮੈਨੂੰ ਸਤਿਕਾਰਯੋਗ ਮਹਿਲਾ ਕਮਿਸ਼ਨ ਵਲੋਂ ਨੋਟਿਸ ਆਇਆ ਤੇ ਮੈਂ ਆਪਣਾ ਪੱਖ ਪੇਸ਼ ਕਰਾਂਗਾ।’

ਨੋਟ– ਹਰਜੀਤ ਹਰਮਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News