ਜੂਸ ਦੀ ਦੁਕਾਨ ’ਚ ਕੰਮ ਕਰਨ ਵਾਲਾ ਗੁਲਸ਼ਨ ਕੁਮਾਰ ਕਿਵੇਂ ਬਣਿਆ ਸੀ ਟੀ-ਸੀਰੀਜ਼ ਕੰਪਨੀ ਦਾ ਮਾਲਕ?
Wednesday, May 05, 2021 - 01:27 PM (IST)
ਮੁੰਬਈ (ਬਿਊਰੋ)– ਪ੍ਰਸਿੱਧ ਗਾਇਕ ਤੇ ਟੀ-ਸੀਰੀਜ਼ ਕੰਪਨੀ ਦੀ ਸਥਾਪਨਾ ਕਰਨ ਵਾਲੇ ਗੁਲਸ਼ਨ ਕੁਮਾਰ ਦਾ ਅੱਜ ਜਨਮਦਿਨ ਹੈ। ਟੀ-ਸੀਰੀਜ਼ ਦਾ ਨਾਮ ਭਾਰਤ ਦੇ ਹਰ ਘਰ ’ਚ ਪਹੁੰਚਾਉਣ ਵਾਲੇ ਗੁਲਸ਼ਨ ਕੁਮਾਰ ਨੇ ਸਖ਼ਤ ਮਿਹਨਤ ਕੀਤੀ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਗੁਲਸ਼ਨ ਇਸ ਵੱਡੀ ਕੰਪਨੀ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਜੂਸ ਦੀ ਦੁਕਾਨ ’ਚ ਕੰਮ ਕਰਦੇ ਸਨ। ਗੁਲਸ਼ਨ ਇਸ ਕੰਮ ਤੋਂ ਖੁਸ਼ ਨਹੀਂ ਸਨ, ਉਨ੍ਹਾਂ ਨੇ ਤਾਂ ਕੁਝ ਹੋਰ ਹੀ ਕਰਨਾ ਸੀ। ਇਸ ਤੋਂ ਬਾਅਦ ਗੁਲਸ਼ਨ ਦੇ ਪਿਤਾ ਨੇ ਇਕ ਹੋਰ ਦੁਕਾਨ ਖੋਲ੍ਹ ਦਿੱਤੀ ਤੇ ਦੋਵੇਂ ਇਥੇ ਸਸਤੀਆਂ ਕੈਸੇਟਾਂ ਵੇਚਦੇ ਸਨ।
ਇਸ ਤੋਂ ਬਾਅਦ ਗੁਲਸ਼ਨ ਨੇ ਆਪਣੀ ਕੰਪਨੀ ਖੋਲ੍ਹੀ ਤੇ ਭਗਤੀ ਦੇ ਗੀਤ ਬਣਾਉਣੇ ਸ਼ੁਰੂ ਕਰ ਦਿੱਤੇ। ਗੁਲਸ਼ਨ ਨੇ ਆਪਣੀ ਆਵਾਜ਼ ਤੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਗੁਲਸ਼ਨ ਦੇ ਬਹੁਤ ਸਾਰੇ ਧਾਰਮਿਕ ਭਜਨ ਹਨ, ਜੋ ਅਜੇ ਵੀ ਸਾਰਿਆਂ ਦੇ ਦਿਲਾਂ ’ਚ ਤਾਜ਼ਾ ਹਨ। ਗੁਲਸ਼ਨ ਨੇ ਆਪਣੇ ਟੀ-ਸੀਰੀਜ਼ ਬ੍ਰਾਂਡ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਉਦਯੋਗ ’ਚ ਕੰਮ ਦਿੱਤਾ। ਮਿਊਜ਼ਿਕ ਇੰਡਸਟਰੀ ’ਚ ਆਪਣਾ ਵੱਡਾ ਨਾਮ ਕਮਾਉਣ ਤੋਂ ਬਾਅਦ ਗੁਲਸ਼ਨ ਨੇ ਫ਼ਿਲਮਾਂ ’ਚ ਆਪਣੀ ਪਹੁੰਚ ਬਣਾਈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖ਼ਾਨ, ਸਾਂਝੀ ਕੀਤੀ ਅਣਦੇਖੀ ਤਸਵੀਰ
ਗੁਲਸ਼ਨ ਨੇ ਸਾਲ 1989 ’ਚ ਫ਼ਿਲਮ ‘ਲਾਲ ਦੁਪੱਟਾ ਕਮਾਲ ਕਾ’ ਨਾਲ ਇਕ ਨਿਰਮਾਤਾ ਦੇ ਰੂਪ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਸੁਪਰਹਿੱਟ ਫ਼ਿਲਮ ‘ਆਸ਼ਿਕੀ’ ਸਮੇਤ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ। ਇਨ੍ਹਾਂ ਤੋਂ ਇਲਾਵਾ ਗੁਲਸ਼ਨ ਨੇ ਫ਼ਿਲਮ ‘ਬੇਵਫਾ ਸਨਮ’ ਨੂੰ ਡਾਇਰੈਕਟ ਕੀਤਾ ਸੀ।
ਅੱਜ ਵੀ ਵੈਸ਼ਨੋ ਦੇਵੀ ’ਚ ਚੱਲਦਾ ਹੈ ਭੰਡਾਰਾ
ਗੁਲਸ਼ਨ ਨੇ ਵੈਸ਼ਨੋ ਦੇਵੀ ਮੰਦਰ ਵਿਖੇ ਭੰਡਾਰੇ ਦੀ ਸ਼ੁਰੂਆਤ ਕੀਤੀ, ਜਿਥੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਨਾਂ ਪੈਸੇ ਦੇ ਭੋਜਨ ਦਿੱਤਾ ਗਿਆ। ਗੁਲਸ਼ਨ ਚਾਹੁੰਦਾ ਸੀ ਕਿ ਜੋ ਸ਼ਰਧਾਲੂ ਮਾਂ ਨੂੰ ਮਿਲਣ ਆਇਆ ਹੈ, ਉਹ ਖਾਲੀ ਢਿੱਡ ਨਾ ਜਾਵੇ। ਅੱਜ ਵੀ ਗੁਲਸ਼ਨ ਕੁਮਾਰ ਦੁਆਰਾ ਸ਼ੁਰੂ ਕੀਤਾ ਗਿਆ ਭੰਡਾਰਾ ਨਿਰੰਤਰ ਚੱਲਦਾ ਹੈ।
ਗੁਲਸ਼ਨ ਦੇ ਵੱਡੇ ਨਾਮ ਤੋਂ ਕੁਝ ਨੂੰ ਹੋਈ ਸਮੱਸਿਆ
ਜਿਥੇ ਗੁਲਸ਼ਨ ਨੇ ਇੰਨਾ ਵੱਡਾ ਨਾਮ ਬਣਾਇਆ ਸੀ, ਉਸ ਨੂੰ ਕੀ ਪਤਾ ਸੀ ਕਿ ਉਸ ਦੀ ਸਫਲਤਾ ਉਸ ਦੇ ਬਹੁਤ ਸਾਰੇ ਦੁਸ਼ਮਣ ਬਣਾ ਦੇਵੇਗੀ। 12 ਅਗਸਤ, 1997 ਨੂੰ ਗੁਲਸ਼ਨ ਮੰਦਰ ਤੋਂ ਘਰ ਜਾ ਰਹੇ ਸਨ ਤਾਂ ਕੁਝ ਬਦਮਾਸ਼ਾਂ ਨੇ ਗੁਲਸ਼ਨ ਕੁਮਾਰ ’ਤੇ ਗੋਲੀਆਂ ਚਲਾ ਦਿੱਤੀਆਂ। ਗੁਲਸ਼ਨ ਦੀ ਮੌਤ ਸਾਰਿਆਂ ਲਈ ਕਾਫ਼ੀ ਹੈਰਾਨ ਕਰਨ ਵਾਲੀ ਸੀ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇੰਨੀ ਵੱਡੀ ਸ਼ਖ਼ਸੀਅਤ ਨੂੰ ਕੋਈ ਸ਼ਰੇਆਮ ਗੋਲੀ ਮਾਰ ਕੇ ਚਲਾ ਜਾਵੇਗਾ।
ਪੁੱਤ ਨੇ ਸੰਭਾਲੀ ਜ਼ਿੰਮੇਵਾਰੀ
ਗੁਲਸ਼ਨ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਭੂਸ਼ਣ ਕੁਮਾਰ ਨੇ ਛੋਟੀ ਉਮਰ ’ਚ ਹੀ ਆਪਣੇ ਪਿਤਾ ਦਾ ਅਹੁਦਾ ਸੰਭਾਲ ਲਿਆ ਸੀ। ਭੂਸ਼ਣ ਨੇ ਫਿਰ ਆਪਣੇ ਪਿਤਾ ਦੁਆਰਾ ਸਥਾਪਿਤ ਇਸ ਕੰਪਨੀ ਨੂੰ ਅੱਜ ਇਕ ਉੱਚ ਪੱਧਰੀ ਸਥਾਨ ’ਤੇ ਪਹੁੰਚਾਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।