ਗੋਵਿੰਦਾ ਤੇ ਪਤਨੀ ਸੁਨੀਤਾ ਵਿਚਾਲੇ ਤਕਰਾਰ ਵਧੀ! ਅਫੇਅਰ ਦੇ ਦੋਸ਼ਾਂ ''ਤੇ ਅਦਾਕਾਰ ਨੇ ਤੋੜੀ ਚੁੱਪੀ
Monday, Jan 19, 2026 - 11:59 AM (IST)
ਮੁੰਬਈ- ਬਾਲੀਵੁੱਡ ਦੇ 'ਕਾਮੇਡੀ ਅਤੇ ਡਾਂਸ ਕਿੰਗ' ਗੋਵਿੰਦਾ ਆਪਣੀ ਪਤਨੀ ਸੁਨੀਤਾ ਅਹੂਜਾ ਨਾਲ ਚੱਲ ਰਹੇ ਵਿਵਾਦਾਂ ਕਾਰਨ ਮੁੜ ਚਰਚਾ ਵਿੱਚ ਹਨ। ਪਿਛਲੇ ਕਈ ਦਿਨਾਂ ਤੋਂ ਸੁਨੀਤਾ ਵੱਲੋਂ ਅਦਾਕਾਰ 'ਤੇ ਲਗਾਏ ਜਾ ਰਹੇ ਅਫੇਅਰ ਦੇ ਦੋਸ਼ਾਂ 'ਤੇ ਹੁਣ ਗੋਵਿੰਦਾ ਨੇ ਖੁੱਲ੍ਹ ਕੇ ਜਵਾਬ ਦਿੱਤਾ ਹੈ।
"ਮੇਰੀ ਚੁੱਪ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ"
ਗੋਵਿੰਦਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਚੁੱਪ ਦਾ ਮਤਲਬ ਕਮਜ਼ੋਰੀ ਨਹੀਂ ਹੈ। ਉਨ੍ਹਾਂ ਕਿਹਾ, "ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਅਸੀਂ ਚੁੱਪ ਰਹਿੰਦੇ ਹਾਂ, ਤਾਂ ਦੂਜਿਆਂ ਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹਾਂ ਜਾਂ ਅਸੀਂ ਹੀ ਸਭ ਤੋਂ ਵੱਡੀ ਸਮੱਸਿਆ ਹਾਂ"। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਣਜਾਣੇ ਵਿੱਚ ਇੱਕ ਵੱਡੀ ਸਾਜ਼ਿਸ਼ ਦੇ ਸ਼ੁਰੂਆਤੀ ਪੜਾਅ ਵਿੱਚ ਵਰਤਿਆ ਜਾ ਰਿਹਾ ਹੈ।
ਪਤਨੀ ਸੁਨੀਤਾ ਨੇ ਲਗਾਏ ਸਨ ਗੰਭੀਰ ਦੋਸ਼
ਜ਼ਿਕਰਯੋਗ ਹੈ ਕਿ ਸੁਨੀਤਾ ਅਹੂਜਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ 63 ਸਾਲ ਦੀ ਉਮਰ ਵਿੱਚ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇੱਕ ਮਹਿਲਾ ਵੱਲੋਂ ਗੋਵਿੰਦਾ ਨੂੰ ਬਲੈਕਮੇਲ ਕੀਤੇ ਜਾਣ ਦਾ ਇਸ਼ਾਰਾ ਵੀ ਕੀਤਾ ਸੀ। ਗੋਵਿੰਦਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਇੱਜ਼ਤ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।
ਪਰਿਵਾਰ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਭਾਵੁਕ ਹੁੰਦਿਆਂ ਗੋਵਿੰਦਾ ਨੇ ਕਿਹਾ ਕਿ ਉਹ ਕਦੇ ਵੀ ਆਪਣੀ ਪਤਨੀ ਜਾਂ ਪਰਿਵਾਰ ਦੇ ਖਿਲਾਫ ਕੁਝ ਨਹੀਂ ਬੋਲਦੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਈ ਫਿਲਮਾਂ ਖੁਦ ਠੁਕਰਾ ਚੁੱਕੇ ਹਨ ਅਤੇ ਇਸ ਲਈ ਕਦੇ ਰੋਂਦੇ ਨਹੀਂ, ਪਰ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਤਾਂ ਉਹ ਹੁਣ ਚੁੱਪ ਨਹੀਂ ਰਹਿ ਸਕਦੇ।
