ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਪੱਤਰਕਾਰਾਂ ਨੇ ਕੀਤੀ ਸੀ ਧੱਕਾ-ਮੁੱਕੀ, ਉਹ ਨਿਕਲਿਆ ਕੋਰੋਨਾ ਪਾਜ਼ੇਟਿਵ

Monday, May 03, 2021 - 12:56 PM (IST)

ਚੰਡੀਗੜ੍ਹ (ਬਿਊਰੋ)– ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ’ਤੇ ਕੋਰੋਨਾ ਕਾਲ ’ਚ ਸ਼ੂਟਿੰਗ ਕਰਨ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਦੌਰਾਨ ਕੁਝ ਪੱਤਰਕਾਰਾਂ ਵਲੋਂ ਸ਼ੂਟਿੰਗ ਵਾਲੀ ਜਗ੍ਹਾ ’ਤੇ ਪਹੁੰਚ ਕੇ ਗਿੱਪੀ ਦੀ ਟੀਮ ਦੇ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਨਾਲ ਹੀ ਧੱਕਾ-ਮੁੱਕੀ ਵੀ ਹੋਈ।

ਗਿੱਪੀ ਗਰੇਵਾਲ ਨੇ ਅੱਜ ਇਕ ਪੋਸਟ ਸਾਂਝੀ ਕਰਕੇ ਉਨ੍ਹਾਂ ਪੱਤਰਕਾਰਾਂ ਨੂੰ ਸੂਚਨਾ ਦਿੱਤੀ ਹੈ, ਜਿਨ੍ਹਾਂ ਨੇ ਗਿੱਪੀ ਦੀ ਟੀਮ ਦੇ ਮੈਂਬਰ ਕ੍ਰਾਂਤੀ ਨੂੰ ਹੱਥ ਲਗਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸਤਿੰਦਰ ਸੱਤੀ ਭੜਕੀ ਦਵਾਈਆਂ ਤੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ’ਤੇ, ਕਿਹਾ- ‘ਇਸ ਤੋਂ ਵੱਡੀ ਕਲਯੁੱਗ ਦੀ ਘੜੀ...’

ਗਿੱਪੀ ਨੇ ਲਿਖਿਆ, ‘ਸਤਿ ਸ੍ਰੀ ਅਕਾਲ ਜੀ ਸਭ ਨੂੰ, ਚੰਗਾ-ਮਾੜਾ ਇਸ ਧਰਤੀ ’ਤੇ ਵਾਪਰਦਾ ਹੀ ਰਹਿੰਦਾ ਹੈ। ਪਿਛਲੇ ਦਿਨੀਂ ਕੁਝ ਅਜਿਹਾ ਵਾਪਰਿਆ ਸਾਡੀ ਟੀਮ ਨਾਲ। ਇਹ ਲਾਲ ਟੀ-ਸ਼ਰਟ ਤੇ ਕਾਲੇ ਮਾਸਕ ’ਚ ਕ੍ਰਾਂਤੀ ਹੈ। ਈਮਾਨਦਾਰ ਤੇ ਮਿਹਨਤੀ ਵਰਕਰ ਸਾਡੀ ਟੀਮ ਦਾ। ਕ੍ਰਾਤੀ ਨਾਲ ਕੁਝ ਪੱਤਰਕਾਰਾਂ ਨੇ ਧੱਕਾ-ਮੁੱਕੀ ਕੀਤੀ ਸੀ ਤੇ ਜਿਨ੍ਹਾਂ ਨੇ ਵੀ ਉਸ ਨੂੰ ਹੱਥ ਲਗਾਇਆ ਹੈ, ਉਨ੍ਹਾਂ ਲਈ ਸੂਚਨਾ ਦੇ ਰਿਹਾ ਹਾਂ ਕੇ ਕ੍ਰਾਂਤੀ ਦੀ ਕੱਲ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਬਾਕੀ ਟੀਮ ਦੀਆਂ ਨੈਗੇਟਿਵ ਰਿਪੋਰਟਾਂ ਹਨ।’

ਗਿੱਪੀ ਨੇ ਅੱਗੇ ਲਿਖਿਆ, ‘ਸੋ ਭਾਅ ਜੀ ਜਿਸ-ਜਿਸ ਪੱਤਰਕਾਰ ਨੇ ਬਹਾਦਰੀ ਨਾਲ ਹੱਥ ਲਾਇਆ ਸੀ ਕ੍ਰਾਂਤੀ ਨੂੰ, ਹੁਣ ਉਹ ਹਿੰਮਤ ਕਰਕੇ ਕੋਵਿਡ ਟੈਸਟ ਕਰਵਾ ਲੈਣ। ਫਿਰ ਨਾ ਕਹਿਣਾ ਦੱਸਿਆ ਨਹੀਂ। ਬਾਕੀ ਵਾਹਿਗੁਰੂ ਭਲੀ ਕਰੇ। ਸਮੱਤ ਬਖਸ਼ਣ ਵਾਹਿਗੁਰੂ ਜੀ।’

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਇਸ ਪੋਸਟ ’ਤੇ ਉਸ ਦਾ ਸਮਰਥਨ ਕਰ ਰਹੇ ਹਨ। ਗਿੱਪੀ ਗਰੇਵਾਲ ਨਾਲ ਗੱਲਬਾਤ ਕਰਦਿਆਂ ਦੀ ਇਕ ਪੁਲਸ ਮੁਲਾਜ਼ਮ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ’ਚ ਗਿੱਪੀ ਇਹ ਕਹਿ ਰਹੇ ਸਨ ਕਿ ਉਨ੍ਹਾਂ ਦੀ ਸ਼ੂਟਿੰਗ ਦਾ ਇਹ ਆਖਰੀ ਦਿਨ ਹੈ ਤੇ ਪਰਮਿਸ਼ਨ ਲਈ ਉਨ੍ਹਾਂ ਵਲੋਂ ਅਰਜ਼ੀ ਪਹਿਲਾਂ ਹੀ ਭੇਜ ਦਿੱਤੀ ਗਈ ਸੀ ਪਰ ਉਸ ਦਾ ਜਵਾਬ ਉਨ੍ਹਾਂ ਨੂੰ ਅਜੇ ਤਕ ਨਹੀਂ ਮਿਲਿਆ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News