ਬਿਨਾਂ ਇਜਾਜ਼ਤ ਡਰੋਨ ਉਡਾਉਣਾ ਪਿਆ ਮਹਿੰਗਾ; ''ਧੁਰੰਧਰ 2'' ਦੇ ਲੋਕੇਸ਼ਨ ਮੈਨੇਜਰ ਵਿਰੁੱਧ FIR ਦਰਜ

Tuesday, Feb 03, 2026 - 01:59 PM (IST)

ਬਿਨਾਂ ਇਜਾਜ਼ਤ ਡਰੋਨ ਉਡਾਉਣਾ ਪਿਆ ਮਹਿੰਗਾ; ''ਧੁਰੰਧਰ 2'' ਦੇ ਲੋਕੇਸ਼ਨ ਮੈਨੇਜਰ ਵਿਰੁੱਧ FIR ਦਰਜ

ਮੁੰਬਈ - ਬਾਲੀਵੁੱਡ ਦੀ ਬਹੁ-ਚਰਚਿਤ ਫਿਲਮ 'ਧੁਰੰਧਰ 2' ਦੀ ਸ਼ੂਟਿੰਗ ਦੌਰਾਨ ਇਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਮੁੰਬਈ ਪੁਲਸ ਨੇ ਦੱਖਣੀ ਮੁੰਬਈ ਦੇ ਹਾਈ ਸਿਕਿਓਰਿਟੀ ਵਾਲੇ ਫੋਰਟ ਇਲਾਕੇ 'ਚ ਬਿਨਾਂ ਇਜਾਜ਼ਤ ਡਰੋਨ ਉਡਾਉਣ ਦੇ ਦੋਸ਼ 'ਚ ਫਿਲਮ ਦੇ ਲੋਕੇਸ਼ਨ ਮੈਨੇਜਰ ਵਿਰੁੱਧ FIR ਦਰਜ ਕੀਤੀ ਹੈ। ਪੁਲਸ ਅਨੁਸਾਰ, ਐੱਮ.ਆਰ.ਏ. ਮਾਰਗ ਪੁਲਸ ਸਟੇਸ਼ਨ ਨੇ 1 ਫਰਵਰੀ ਨੂੰ ਭਾਰਤੀ ਨਿਆ ਸੰਹਿਤਾ ਦੀ ਧਾਰਾ 223 ਤਹਿਤ ਰਿੰਕੂ ਰਾਜਪਾਲ ਵਾਲਮੀਕਿ ਵਿਰੁੱਧ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਲਈ ਇਹ ਮਾਮਲਾ ਦਰਜ ਕੀਤਾ ਹੈ।

ਸੰਜੇ ਦੱਤ ਦੀ ਮੌਜੂਦਗੀ 'ਚ ਹੋ ਰਹੀ ਸੀ ਸ਼ੂਟਿੰਗ
ਜਾਣਕਾਰੀ ਮੁਤਾਬਕ, ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸੈੱਟ 'ਤੇ ਮਸ਼ਹੂਰ ਅਦਾਕਾਰ ਸੰਜੇ ਦੱਤ ਸਮੇਤ ਪੂਰਾ ਕਰੂ ਮੌਜੂਦ ਸੀ। ਸ਼ੂਟਿੰਗ ਦੇ ਤੀਜੇ ਦਿਨ ਕਰੂ ਨੇ ਇਤਿਹਾਸਕ ਫੋਰਟ ਕੰਪਲੈਕਸ ਨੂੰ ਪਾਕਿਸਤਾਨ ਦੀ ਇਕ ਪੁਰਾਣੀ ਗਲੀ ਦੇ ਰੂਪ ਵਿੱਚ ਤਿਆਰ ਕੀਤਾ ਹੋਇਆ ਸੀ। ਪੁਲਸ ਦਾ ਕਹਿਣਾ ਹੈ ਕਿ ਕਰੂ ਨੇ ਸ਼ੂਟਿੰਗ ਦੇ ਕੁਝ ਖਾਸ ਦ੍ਰਿਸ਼ਾਂ ਲਈ ਡਰੋਨ ਦੀ ਵਰਤੋਂ ਕੀਤੀ, ਪਰ ਉਨ੍ਹਾਂ ਕੋਲ ਇਸ ਦੀ ਕੋਈ ਰਸਮੀ ਜਾਂ ਲਾਜ਼ਮੀ ਇਜਾਜ਼ਤ ਨਹੀਂ ਸੀ।

ਟੀਜ਼ਰ ਨੇ ਮਚਾਇਆ ਧਮਾਕਾ, ਰਣਵੀਰ ਸਿੰਘ ਦਾ ਦਿਖਿਆ 'ਰੌਦਰ' ਰੂਪ
ਦੂਜੇ ਪਾਸੇ, ਫਿਲਮ ਦਾ ਟੀਜ਼ਰ 3 ਫਰਵਰੀ 2026 ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਇਸ ਨੂੰ 'ਟੀਜ਼ਰ ਨਹੀਂ ਬਲਕਿ ਬੰਬ' ਦੱਸ ਰਹੇ ਹਨ। ਟੀਜ਼ਰ 'ਚ ਰਣਵੀਰ ਸਿੰਘ ਦਾ ਬੇਹੱਦ ਹਿੰਸਕ ਅਤੇ ਗੁੱਸੇ ਵਾਲਾ (ਰੌਦਰ) ਰੂਪ ਦਿਖਾਇਆ ਗਿਆ ਹੈ, ਜਿਸ 'ਚ ਉਹ ਹਮਜ਼ਾ ਦੇ ਕਿਰਦਾਰ ਰਾਹੀਂ ਕਹਿਰ ਵਰ੍ਹਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ 'ਚ ਇਸ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
 


author

Sunaina

Content Editor

Related News