ਅਮਿਤਾਭ ਬੱਚਨ ਫਸੇ ਮੁਸੀਬਤ ’ਚ, ਕੇ. ਬੀ. ਸੀ. ’ਚ ਪੁੱਛੇ ਸਵਾਲ ਨੂੰ ਲੈ ਕੇ ਦਰਜ ਹੋਈ ਐੱਫ. ਆਈ. ਆਰ.

Wednesday, Nov 04, 2020 - 12:51 PM (IST)

ਅਮਿਤਾਭ ਬੱਚਨ ਫਸੇ ਮੁਸੀਬਤ ’ਚ, ਕੇ. ਬੀ. ਸੀ. ’ਚ ਪੁੱਛੇ ਸਵਾਲ ਨੂੰ ਲੈ ਕੇ ਦਰਜ ਹੋਈ ਐੱਫ. ਆਈ. ਆਰ.

ਜਲੰਧਰ (ਬਿਊਰੋ)– ‘ਕੇ. ਬੀ. ਸੀ. 12’ ਦੇ 30 ਅਕਤੂਬਰ ਦੇ ਐਪੀਸੋਡ ’ਚ ਰਮਨ ਮੈਗਸੇਸੇ ਐਵਾਰਡ ਜੇਤੂ ਤੇ ਦਲਿਤ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਜਕਾਰੀ ਵੇਜਵਾੜਾ ਵਿਲਸਨ ਤੇ ਅਦਾਕਾਰ ਅਨੂਪ ਸੋਨੀ ਨੇ ਹਿੱਸਾ ਲਿਆ। ਇਹ ਕਰਮਵੀਰ ਸਪੈਸ਼ਲ ਐਪੀਸੋਡ ਸੀ। ਇਸ ਐਪੀਸੋਡ ’ਚ ਅਮਿਤਾਭ ਬੱਚਨ ਨੇ ਵੇਜਵਾੜਾ ਵਿਲਸਨ ਕੋਲੋਂ ਮਨੁਸਮ੍ਰਿਤੀ ਨੂੰ ਸਾੜਨ ਨਾਲ ਜੁੜਿਆ ਸਵਾਲ ਪੁੱਛਿਆ। ਇਸ ਸਵਾਲ ’ਤੇ ਫਿਲਮਕਾਰ ਵਿਵੇਕ ਰੰਜਨ ਅਗਨੀਹੋਤਰੀ ਸਮੇਤ ਕਈ ਟਵਿਟਰ ਯੂਜ਼ਰਸ ਨੇ ਸਵਾਲ ਚੁੱਕੇ ਹਨ।

ਇਸ ਸਵਾਲ ’ਤੇ ਇਤਰਾਜ਼ ਜਤਾਉਂਦਿਆਂ ਮਹਾਰਾਸ਼ਟਰਾ ਦੇ ਲਾਤੁਰ ’ਚ ਓਸਾ ਤੋਂ ਵਿਧਾਇਕ ਅਭਿਮਨਯੂ ਪਵਾਰ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਤੇ ਹਿੰਦੂਆਂ ਵਿਚਾਲੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਮਿਤਾਭ ਬੱਚਨ ਨੇ ਪੁੱਛਿਆ ਇਹ ਸਵਾਲ–

ਸਵਾਲ : 25 ਦਸੰਬਰ 1927 ਨੂੰ ਡਾ. ਬੀ. ਆਰ. ਅੰਬੇਡਕਰ ਤੇ ਉਨ੍ਹਾਂ ਦੇ ਫਾਲੋਅਰਜ਼ ਨੇ ਕਿਸ ਧਰਮ ਗ੍ਰੰਥ ਦੀਆਂ ਕਾਪੀਆਂ ਸਾੜੀਆਂ ਸਨ? ਇਸ ਲਈ ਚਾਰ ਆਪਸ਼ਨ ਦਿੱਤੇ ਗਏ।
1. ਵਿਸ਼ਣੂ ਪੁਰਾਣ
2. ਭਗਵਤ ਗੀਤਾ
3. ਰਿਗਵੇਦ
4. ਮਨੁਸਮ੍ਰਿਤੀ

ਵਿਧਾਇਕ ਅਭਿਮਨਯੂ ਪਵਾਰ ਨੇ ਲਾਤੁਰ ਦੇ ਐੱਸ. ਪੀ. ਨਿਖਿਲ ਪਿੰਗਲੇ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਅਮਿਤਾਭ ਬੱਚਨ ਤੇ ਸੋਨੀ ਟੀ. ਵੀ. ਖਿਲਾਫ ਸ਼ੁੱਕਰਵਾਰ ਨੂੰ ਆਏ ਕਰਮਵੀਰ ਸਪੈਸ਼ਲ ਐਪੀਸੋਡ ’ਚ ਪੁੱਛੇ ਗਏ ਸਵਾਲ ਨੂੰ ਲੈ ਕੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨੂੰ ਲੈ ਕੇ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਕੇ. ਬੀ. ਸੀ. ਬਾਇਕਾਟ ਕਰਨ ਦੀ ਮੁਹਿੰਮ ਵੀ ਚੱਲੀ ਸੀ।

ਬੀ. ਜੇ. ਪੀ. ਵਿਧਾਇਕ ਨੇ ਸ਼ਿਕਾਇਤ ਪੱਤਰ ਨੂੰ ਟਵਿਟਰ ’ਤੇ ਵੀ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ‘ਸ਼ੋਅ ’ਚ ਹਿੰਦੂਆਂ ਦਾ ਅਪਮਾਨ ਕੀਤਾ ਗਿਆ ਹੈ ਤੇ ਹਿੰਦੂਆਂ ਤੇ ਬੁੱਧ ਧਰਮ ਦੇ ਲੋਕਾਂ ਵਿਚਾਲੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਮਿਲਜੁਲ ਕੇ ਰਹਿ ਰਹੇ ਹਨ।’ ਪਵਾਰ ਨੇ ਪੁਲਸ ਸ਼ਿਕਾਇਤ ’ਚ ਕਿਹਾ, ‘ਇਹ ਸਵਾਲ ਇਹ ਸੁਨੇਹਾ ਦਿੰਦਾ ਹੈ ਕਿ ਹਿੰਦੂ ਧਾਰਮਿਕ ਗ੍ਰੰਥ ਸਾੜਨ ਲਈ ਹਨ ਤੇ ਇਹ ਹਿੰਦੂਆਂ ਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਲਈ ਹੈ।’

ਅਮਿਤਾਭ ਬੱਚਨ ਦੇ ਮਨੁਸਮ੍ਰਿਤੀ ਨਾਲ ਜੁੜੇ ਇਸ ਸਵਾਲ ’ਤੇ ਫਿਲਮਕਾਰ ਵਿਵੇਕ ਰੰਜਨ ਅਗਨੀਹੋਤਰੀ ਨੇ ਸਵਾਲ ਚੁੱਕਿਆ ਸੀ ਤੇ ਕਿਹਾ ਕਿ ਕੇ. ਬੀ. ਸੀ. ’ਤੇ ਫਿਰਕਾਪ੍ਰਸਤਾਂ ਦਾ ਕਬਜ਼ਾ ਹੋ ਗਿਆ। ਵਿਵੇਕ ਰੰਜਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਕੇ. ਬੀ. ਸੀ. ਨੂੰ ਫਿਰਕਾਪ੍ਰਸਤਾਂ ਨੇ ਹਾਈਜੈਕ ਕਰ ਲਿਆ ਹੈ। ਮਾਸੂਮ ਬੱਚੇ, ਸਿੱਖੋ ਧਾਰਮਿਕ ਜੰਗ ਕਿਸ ਤਰ੍ਹਾਂ ਜਿੱਤੀ ਜਾਂਦੀ ਹੈ। ਇਸ ਨੂੰ ਕੋਡਿੰਗ ਕਹਿੰਦੇ ਹਨ।’


author

Rahul Singh

Content Editor

Related News